ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ ਸੋਮਵਾਰ ਨੂੰ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ ਹੈ। ਮੁਕਾਬਲੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਤੋਂ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਤੋਂ ਨਾਇਕ ਮਨਦੀਪ ਸਿੰਘ ਅਤੇ ਜ਼ਿਲ੍ਹਾ ਰੋਪੜ ਦੇ ਪਿੰਡ ਪੱਚਰੰਡਾ ਤੋਂ ਸਿਪਾਹੀ ਗੱਜਣ ਸਿੰਘ ਸ਼ਹੀਦ ਹੋਏ ਸੀ।
Paid condolences to Sepoy Gajjan Singh's family members at his village Pachrande in Nurpur Bedi, District Ropar, who sacrificed his life at the Poonch area of J&K while protecting the nation. pic.twitter.com/HUl6q1tncS
— Charanjit S Channi (@CHARANJITCHANNI) October 13, 2021
ਇਸ ਦੌਰਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਿੰਡ ਪੱਚਰੰਡਾ ਪਹੁੰਚੇ। ਉਨ੍ਹਾਂ ਨੇ ਇਥੇ ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਮੋਢਾ ਦਿੱਤਾ। ਉਨ੍ਹਾਂ ਨਾਲ ਵਿਧਾਨ ਸਭਾ ਸਪੀਕਰ ਰਾਣਾ ਮਹਿੰਦਰ ਸਿੰਘ ਕੇਪੀ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ, ਸਲਾਮੀ ਦਿੱਤੀ ਅਤੇ ਅਰਦਾਸ ਵਿੱਚ ਵੀ ਸ਼ਾਮਿਲ ਹੋਏ। ਉਨ੍ਹਾਂ ਨੇ ਸ਼ਹੀਦ ਦੇ ਪਿਤਾ ਅਤੇ ਭਤੀਜੇ ਨਾਲ ਸੂਰਬੀਰ ਸੈਨਿਕ ਦੀ ਚਿਖਾ ਨੂੰ ਅਗਨੀ ਵੀ ਦਿਖਾਈ।
ਉਧਰ, ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਦੇ ਨਾਇਕ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁਚੀ ਤਾਂ ਹਰ ਅੱਖ ਨਮ ਸੀ। ਉਥੇ ਹੀ ਪਿੰਡ ਦੇ ਲੋਕਾਂ ਅਤੇ ਇਲਾਕੇ ਭਰ ਤੋਂ ਵੱਡੀ ਗਿਣਤੀ ‘ਚ ਲੋਕ ਮਨਦੀਪ ਨੂੰ ਸ਼ਰਧਾਂਜਲੀ ਦੇਣ ਪਹੁਚੇ। ਇਸ ਤੋਂ ਇਲਾਵਾ ਸ਼ਹੀਦ ਸੂਬੇਦਾਰ ਜਸਵਿੰਦਰ ਸਿੰਘ ਨੂੰ ਵੀ ਉਨ੍ਹਾਂ ਦੇ ਜੱਦੀ ਪਿੰਡ ਮਾਨਾਂ ਤਲਵੰਡੀ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸ ਦੇ 13 ਸਾਲਾ ਪੁੱਤਰ ਵਿਕਰਮਜੀਤ ਸਿੰਘ ਨੇ ਦਿੱਤੀ।