ਰਾਸ਼ਟਰਮੰਡਲ ਖੇਡਾਂ ‘ਚ ਵੀਰਵਾਰ ਨੂੰ ਇੰਗਲੈਂਡ ਅਤੇ ਕੈਨੇਡਾ ਵਿਚਾਲੇ ਪੁਰਸ਼ਾਂ ਦਾ ਹਾਕੀ ਮੈਚ ਖੇਡਿਆ ਗਿਆ ਹੈ। ਮੈਚ ਹਾਕੀ ਦਾ ਸੀ ਪਰ ਦਰਸ਼ਕਾਂ ਨੂੰ ਇਸ ਦੌਰਾਨ ਕੁਸ਼ਤੀ ਦੇਖਣ ਨੂੰ ਮਿਲੀ। ਜਦੋਂ ਇੰਗਲੈਂਡ ਅਤੇ ਕੈਨੇਡਾ ਦੇ ਖਿਡਾਰੀ ਆਪਸ ਵਿੱਚ ਭਿੜ ਗਏ ਅਤੇ ਜ਼ਬਰਦਸਤ ਲੜਾਈ ਹੋਈ। ਇਸ ਕਾਰਨਾਮੇ ਨੂੰ ਦੇਖ ਕੇ ਦਰਸ਼ਕ ਦੰਗ ਰਹਿ ਗਏ। ਖਿਡਾਰੀਆਂ ਵਿਚਾਲੇ ਲੜਾਈ ਇੰਨੀ ਵੱਧ ਗਈ ਕਿ ਬਾਅਦ ‘ਚ ਖਿਡਾਰੀਆਂ ਅਤੇ ਰੈਫਰੀ ਨੂੰ ਦਖਲ ਦੇਣਾ ਪਿਆ।
ਦਰਅਸਲ ਹੋਇਆ ਇਹ ਕਿ ਇੰਗਲੈਂਡ ਦੀ ਟੀਮ ਕੈਨੇਡਾ ਖਿਲਾਫ ਗੋਲ ਕਰਨ ਲਈ ਲਗਾਤਾਰ ਹਮਲਾਵਰ ਖੇਡ ਦਿਖਾ ਰਹੀ ਸੀ। ਫਿਰ ਬਲਰਾਜ ਪਨੇਸਰ ਦੀ ਹਾਕੀ ਸਟਿੱਕ ਗ੍ਰਿਫਿਥ ਦੇ ਹੱਥ ਵਿੱਚ ਵੱਜੀ ਅਤੇ ਉਹ ਫਸ ਗਈ। ਇਸ ਨਾਲ ਗ੍ਰਿਫਿਥ ਨੂੰ ਗੁੱਸਾ ਆਇਆ ਅਤੇ ਉਸ ਨੇ ਪਨੇਸਰ ਨੂੰ ਧੱਕਾ ਮਾਰ ਦਿੱਤਾ। ਜਿਸ ਕਾਰਨ ਪਨੇਸ਼ਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਇੰਗਲੈਂਡ ਦੇ ਖਿਡਾਰੀ ਦਾ ਗਲਾ ਫੜ ਲਿਆ। ਫਿਰ ਦੋਹਾਂ ਨੇ ਇਕ-ਦੂਜੇ ਦੀ ਟੀ-ਸ਼ਰਟ ਫੜ ਲਈ ਅਤੇ ਖਿੱਚਣਾ ਸ਼ੁਰੂ ਕਰ ਦਿੱਤਾ। ਲੱਗਦਾ ਸੀ ਕਿ ਖੇਡ ਮੈਦਾਨ ਜੰਗ ਦਾ ਮੈਦਾਨ ਬਣ ਗਿਆ ਸੀ।
ਫਿਰ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਆ ਕੇ ਦੋਵਾਂ ਨੂੰ ਵੱਖ ਕਰ ਦਿੱਤਾ। ਫਿਰ ਰੈਫਰੀ ਨੇ ਕੈਨੇਡਾ ਦੇ ਬਲਰਾਜ ਪਨੇਸਰ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ। ਇਸ ਦੇ ਨਾਲ ਹੀ ਕ੍ਰਿਸ ਨੇ ਗ੍ਰਿਫਿਥ ਨੂੰ ਯੈਲੋ ਕਾਰਡ ਦਿਖਾ ਕੇ ਚੇਤਾਵਨੀ ਦਿੱਤੀ। ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਕੈਨੇਡਾ ਨੂੰ 11-2 ਨਾਲ ਹਰਾ ਕੇ ਗਰੁੱਪ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਟੀਮ ਇੰਡੀਆ ਪਹਿਲੇ ਸਥਾਨ ‘ਤੇ ਰਹੀ। ਸੈਮੀਫਾਈਨਲ ‘ਚ ਇੰਗਲੈਂਡ ਦਾ ਸਾਹਮਣਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਹੋ ਸਕਦਾ ਹੈ ਅਤੇ ਭਾਰਤ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਜੇਤੂ ਟੀਮ ਨਾਲ ਭਿੜ ਸਕਦਾ ਹੈ।