ਕਤਰ ‘ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ‘ਚ ਹੁਣ ਤੱਕ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ। ਹਾਲ ਹੀ ‘ਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ‘ਚ ਪ੍ਰਸ਼ੰਸਕ ਆਪਿਸ ‘ਚ ਲੜ ਰਹੇ ਹਨ। ਇਸ ਤੋਂ ਇਲਾਵਾ ਉਥੋਂ ਚੋਰੀ ਦੀਆਂ ਵੀ ਖ਼ਬਰਾਂ ਆਉਂਦੀਆਂ ਰਹੀਆਂ ਹਨ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਿਕ ਕਤਰ ਦੇ ਲੁਸੈਲ ਸਟੇਡੀਅਮ ਨੇੜੇ ਭਿਆਨਕ ਅੱਗ ਲੱਗ ਗਈ ਹੈ। ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਦੇਰ ਰਾਤ ਇਸੇ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਮੈਕਸੀਕੋ ਵਿਚਾਲੇ ਗਰੁੱਪ ਮੈਚ ਖੇਡਿਆ ਜਾਣਾ ਸੀ।
ਕਤਰ ਸਟੇਡੀਅਮ ਦੇ ਕੋਲ ਜਿਸ ਇਮਾਰਤ ਨੂੰ ਅੱਗ ਲੱਗੀ, ਉਹ ਫੈਨ ਵਿਲੇਜ ਦੇ ਬਿਲਕੁਲ ਨੇੜੇ ਹੈ। ਦੇਸ਼-ਵਿਦੇਸ਼ ਤੋਂ ਫੁੱਟਬਾਲ ਦੇ ਸ਼ੌਕੀਨ ਇਸ ਪਿੰਡ ਵਿੱਚ ਠਹਿਰੇ ਹੋਏ ਹਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਵਿਸ਼ਵ ਕੱਪ ਫੈਨ ਵਿਲੇਜ ਦੇ ਕੋਲ ਜਗ੍ਹਾ ‘ਤੇ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਮੁਤਾਬਿਕ ਇਹ ਅੱਗ ਦੁਪਹਿਰ ਵੇਲੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੱਗੀ। ਇਹ ਇਮਾਰਤ ਇੱਕ ਵੱਖਰੇ ਖੇਤਰ ਵਿੱਚ ਹੈ। ਹਾਲਾਂਕਿ ਇਸ ਹਾਦਸੇ ‘ਚ ਅਜੇ ਤੱਕ ਕਿਸ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ ਮੀਲਾਂ ਦੂਰ ਤੱਕ ਦਿਖਾਈ ਦੇ ਰਿਹਾ ਸੀ।