ਭਾਰਤ ਵਿੱਚ ਇਸ ਸਾਲ ਫਰਵਰੀ ਦਾ ਮਹੀਨਾ ਪਿਛਲੇ 146 ਸਾਲਾਂ ਵਿੱਚ ਸਭ ਤੋਂ ਗਰਮ ਮਹੀਨਾ ਰਿਹਾ ਹੈ। ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ ਹੈ। ਆਈਐਮਡੀ ਨੇ ਦੱਸਿਆ ਕਿ 1877 ਤੋਂ ਬਾਅਦ ਇਸ ਸਾਲ ਫਰਵਰੀ (2023) ਵਿੱਚ ਅਜਿਹੀ ਗਰਮੀ ਦੇਖਣ ਨੂੰ ਮਿਲੀ ਹੈ। ਵਿਭਾਗ ਨੇ ਕਿਹਾ ਕਿ ਫਰਵਰੀ ਵਿੱਚ ਔਸਤ ਤਾਪਮਾਨ 29.54 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਆਮ ਤੌਰ ‘ਤੇ ਦੇਸ਼ ਭਰ ‘ਚ ਫਰਵਰੀ ਦੇ ਮਹੀਨੇ ਹਲਕੀ ਠੰਡ ਹੁੰਦੀ ਹੈ ਪਰ ਇਸ ਸਾਲ ਫਰਵਰੀ ਦੇ ਤਾਪਮਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਗੁਜਰਾਤ, ਮਹਾਰਾਸ਼ਟਰ ਵਰਗੇ ਰਾਜਾਂ ਦੇ ਕੁੱਝ ਖੇਤਰਾਂ ਵਿੱਚ ਪਹਿਲਾਂ ਹੀ ਹੀਟਵੇਵ ਵਰਗੀ ਸਥਿਤੀ ਬਣੀ ਹੋਈ ਹੈ। ਗੁਜਰਾਤ ਦੇ ਕੱਛ ਵਿੱਚ ਤਾਪਮਾਨ 37-39 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮਹਾਰਾਸ਼ਟਰ ਵਿੱਚ ਵੀ ਅਜਿਹਾ ਹੀ ਹਾਲ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ, ਜਦਕਿ ਦੱਖਣੀ ਪ੍ਰਾਇਦੀਪ ਅਤੇ ਮਹਾਰਾਸ਼ਟਰ ਦੇ ਕੁੱਝ ਹਿੱਸਿਆਂ ਵਿੱਚ ਮੌਸਮ ਠੀਕ ਰਹਿਣ ਦੀ ਸੰਭਾਵਨਾ ਹੈ।
ਆਈਐਮਡੀ ਦੇ ਹਾਈਡਰੋਮੇਟ ਅਤੇ ਐਗਰੋਮੇਟ ਸਲਾਹਕਾਰ ਸੇਵਾਵਾਂ ਦੇ ਮੁਖੀ ਐਸਸੀ ਭਾਨ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮਾਰਚ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਘੱਟ ਹੈ ਪਰ ਅਪ੍ਰੈਲ ਅਤੇ ਮਈ ਵਿੱਚ ਗਰਮੀ ਦੀ ਲਹਿਰ ਵਰਗੀ ਸਥਿਤੀ ਬਣ ਸਕਦੀ ਹੈ। ਭਾਨ ਨੇ ਕਿਹਾ ਕਿ 1877 ਤੋਂ ਬਾਅਦ ਫਰਵਰੀ ਵਿਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਗਲੋਬਲ ਵਾਰਮਿੰਗ ਦੇ ਵਰਤਾਰੇ ਦੇ ਵਧਦੇ ਰੁਝਾਨ ਦਾ ਨਤੀਜਾ ਹੈ।
ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਉੱਚ ਤਾਪਮਾਨ ਜਲਵਾਯੂ ਪਰਿਵਰਤਨ ਦਾ ਸੰਕੇਤ ਹੈ ਤਾਂ ਉਨ੍ਹਾਂ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਗਲੋਬਲ ਵਾਰਮਿੰਗ ਦੇ ਦੌਰ ‘ਚ ਹੈ। ਅਸੀਂ ਇੱਕ ਗਰਮ ਸੰਸਾਰ ਵਿੱਚ ਰਹਿ ਰਹੇ ਹਾਂ। ਭਾਨ ਨੇ ਕਿਹਾ ਕਿ ਮਾਰਚ ਵਿੱਚ ਦੇਸ਼ ਭਰ ਵਿੱਚ ਔਸਤਨ (83-117 ਫੀਸਦੀ) ਮੀਂਹ ਪੈਣ ਦੀ ਸੰਭਾਵਨਾ ਹੈ। 1971-2020 ਦੇ ਅੰਕੜਿਆਂ ਦੇ ਆਧਾਰ ‘ਤੇ, ਮਾਰਚ ਦੌਰਾਨ ਦੇਸ਼ ਭਰ ਵਿੱਚ ਵਰਖਾ ਦਾ ਐਲਪੀਏ ਲਗਭਗ 29.9 ਮਿਲੀਮੀਟਰ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਭਾਰਤ, ਪੱਛਮੀ-ਕੇਂਦਰੀ ਭਾਰਤ ਅਤੇ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਪ੍ਰਾਇਦੀਪ ਭਾਰਤ ਦੇ ਜ਼ਿਆਦਾਤਰ ਹਿੱਸਿਆਂ, ਪੂਰਬੀ-ਮੱਧ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।