[gtranslate]

ਪੰਜਾਬ ‘ਚ ਗੈਂਗਸਟਰਾਂ ਦਾ ਡਰ ! ਕੰਟਰੈਕਟ ਕਿਲਿੰਗ ਦੇ ਮਾਮਲਿਆਂ ਮਗਰੋਂ ਵਧੀ ਬੁਲੇਟ ਪਰੂਫ ਗੱਡੀਆਂ ਦੀ ਮੰਗ ਤੇ….

fear of gangsters in punjab

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਭਾਵੇਂ ਹੀ ਆਪਣੇ ਸੱਤ ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕਰ ਦਿੱਤਾ ਗਿਆ ਹੈ। ਪਰ ਸੂਬੇ ਵਿੱਚ ਗੈਂਗਸਟਰਾਂ ਨੂੰ ਖ਼ਤਮ ਕਰਨਾ ਵੱਡੀ ਚੁਣੌਤੀ ਹੈ। ਪੰਜਾਬ ਵਿੱਚ ਗੈਂਗਸਟਰਾਂ ਦਾ ਡਰ ਇਸ ਹੱਦ ਤੱਕ ਵੱਧ ਗਿਆ ਹੈ ਕਿ ਵਪਾਰੀਆਂ, ਸਿਆਸਤਦਾਨਾਂ, ਗਾਇਕਾਂ, ਕਲਾਕਾਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਪੰਜਾਬ ਵਿੱਚ ਨਸ਼ਿਆਂ ਦੇ ਨਾਲ-ਨਾਲ ਅਪਰਾਧ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ‘ਚ ਗੈਂਗਸਟਰਾਂ ਦਾ ਡਰ ਕਾਫੀ ਵੱਧ ਗਿਆ ਹੈ। ਗੈਂਗਸਟਰਾਂ ਦਾ ਡਰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਕਈ ਸੂਬਿਆਂ ਵਿੱਚ ਫੈਲ ਚੁੱਕਾ ਹੈ। ਇੰਨ੍ਹਾਂ ਦੇ ਗਰੋਹ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਵੀ ਸਰਗਰਮ ਹਨ। ਇਸ ਗਰੋਹ ਦਾ ਵਿਦੇਸ਼ਾਂ ਵਿੱਚ ਵੀ ਮਜ਼ਬੂਤ ​​ਨੈੱਟਵਰਕ ਹੈ। ਪੰਜਾਬ ਦੇ ਗੈਂਗਸਟਰ ਕਤਲ, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਗੈਂਗਸਟਰਾਂ ਦੇ ਡਰ ਕਾਰਨ ਸੂਬੇ ਦੇ ਵਪਾਰੀ, ਸਿਆਸਤਦਾਨ ਬੁਲੇਟਪਰੂਫ ਜੈਕਟਾਂ ਅਤੇ ਵਾਹਨਾਂ ਦੀ ਖਰੀਦਦਾਰੀ ਕਰ ਰਹੇ ਹਨ। ਸੂਬੇ ਵਿੱਚ ਕੰਟਰੈਕਟ ਕਤਲ ਆਮ ਹੋ ਗਏ ਨੇ। ਜਿਸ ਕਾਰਨ ਬੁਲੇਟਪਰੂਫ ਵਾਹਨਾਂ ਦੀ ਮੰਗ 55 ਫੀਸਦੀ ਵਧ ਗਈ ਹੈ। ਬੁਲੇਟਪਰੂਫ ਜੈਕਟਾਂ ਅਤੇ ਵਾਹਨਾਂ ਦੀ ਸਪਲਾਈ ਕਰਨ ਵਾਲੀ ਇੱਕ ਫਰਮ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪਿਛਲੇ 4 ਮਹੀਨਿਆਂ ਵਿਚ ਪੰਜਾਬ ਵਿੱਚ ਬੁਲੇਟ ਪਰੂਫ ਜੈਕਟਾਂ ਅਤੇ ਵਾਹਨਾਂ ਦੀ ਮੰਗ ਸੱਚਮੁੱਚ ਵਧੀ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਬੁਲੇਟਪਰੂਫ ਜੈਕਟਾਂ ਦੇ 8-10 ਆਰਡਰ ਆਉਂਦੇ ਸਨ ਅਤੇ ਹੁਣ 15 ਤੋਂ 20 ਆਰਡਰ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇੱਕ ਸਾਧਾਰਨ ਬੁਲੇਟਪਰੂਫ ਜੈਕਟ ਦਾ ਭਾਰ 4-5 ਕਿਲੋ ਤੱਕ ਹੁੰਦਾ ਹੈ। ਇਸ ਨੂੰ ਮੰਗ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਉੱਥੇ ਹੀ ਪਹਿਲਾਂ ਹਰ ਮਹੀਨੇ 2 ਤੋਂ 3 ਬੁਲੇਟ ਪਰੂਫ ਵਾਹਨਾਂ ਦੀ ਮੰਗ ਹੁੰਦੀ ਸੀ, ਜਦਕਿ ਹੁਣ ਇਹ ਵੱਧ ਕੇ 4-6 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੁਲੇਟਪਰੂਫ ਜੈਕਟਾਂ ਦੀ ਕੀਮਤ 40 ਹਜ਼ਾਰ ਤੋਂ ਲੈ ਕੇ 2.5 ਲੱਖ ਤੱਕ ਹੈ। ਇਸ ਦੇ ਨਾਲ ਹੀ ਬੁਲੇਟਪਰੂਫ ਵਾਹਨਾਂ ਬਾਰੇ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਸਕਾਰਪੀਓ, ਫਾਰਚੂਨਰ, ਪਜੇਰੋ ਅਤੇ ਐਂਡੇਵਰ ਬੁਲੇਟਪਰੂਫ ਗੱਡੀਆਂ ਹੀ ਬਣਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਕਾਰਪੀਓ ਲਗਭਗ 12 ਲੱਖ ਅਤੇ ਫਾਰਚੂਨਰ ਲਗਭਗ 18 ਲੱਖ ਵਿੱਚ ਬੁਲੇਟਪਰੂਫ ਬਣ ਜਾਂਦੀ ਹੈ।

Leave a Reply

Your email address will not be published. Required fields are marked *