ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ 1-3 ਨਵੰਬਰ ਨੂੰ ਕੈਲਫੋਰਨੀਆ ਵਿਖੇ ਯੂਬਾ ਸਿਟੀ ‘ਚ ਨਗਰ ਕੀਰਤਨ ਸਜਾਇਆ ਜਾਣਾ ਹੈ, ਇਸ ਮੌਕੇ ਤਹਿਤ ਹਰ ਸਾਲ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚ ਵੱਡੇ ਪੱਧਰ ‘ਤੇ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਆਯੋਜਿਤ ਕੀਤੇ ਜਾਂਦੇ ਹਨ। ਪਰ ਇਸ ਦੌਰਾਨ ਐਫ.ਬੀ.ਆਈ ਨੇ ਯੂਬਾ ਸਿਟੀ ਨਗਰ ਕੀਰਤਨ ਵਿੱਚ ਹਮਲਾ ਹੋਣ ਦਾ ਖਦਸ਼ਾ ਜਤਾਇਆ ਹੈ ਅਤੇ ਸ਼ਾਮਿਲ ਹੋਣ ਵਾਲੇ ਸਿੱਖਾਂ ਨੂੰ ਭਾਰਤੀ ਗੈਂਗ ਵੱਲੋਂ ਗੋਲੀਬਾਰੀ ਦੀ ਯੋਜਨਾ ਬਣਾਉਣ ਬਾਰੇ ਚਿਤਾਵਨੀ ਦਿੱਤੀ ਹੈ।
ਐੱਫ. ਬੀ. ਆਈ. ਨੇ ਨਗਰ ਕੀਰਤਨ ਦੇ ਰੂਟ ‘ਤੇ ਪਾਰਕਿੰਗ ਨੇੜੇ ਫਾਇਰਿੰਗ ਦਾ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਦੇ ਤਹਿਤ ਇਹ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਐੱਫ. ਬੀ. ਆਈ. ਵੱਲੋਂ ਇਸ ਅਲਰਟ ਸਬੰਧੀ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਿਕ ਹਮਲਾਵਰ ਗਿਰੋਹ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਪਹੁੰਚ ਸਕਦੇ ਹਨ। ਇਹ ਹਥਿਆਰ ਗੱਡੀ ਵਿਚ ਲਿਆਂਦੇ ਜਾ ਸਕਦੇ ਹਨ ਅਤੇ ਮੌਕੇ ‘ਤੇ ਵਰਤੇ ਜਾ ਸਕਦੇ ਹਨ। ਹਾਲਾਂਕਿ ਇਹ ਭਰੋਸਾ ਵੀ ਦਵਾਇਆ ਗਿਆ ਹੈ ਕਿ ਐਫ ਬੀ ਆਈ ਆਪਣੀਆਂ ਸਹਾਇਕ ਏਜੰਸੀਆਂ ਨਾਲ ਮਿਲ ਕੇ ਇਸ ਨਗਰ ਕੀਰਤਨ ਨੂੰ ਸਫਲ ਬਣਾਏਗੀ।