ਤੁਸੀ ਅਕਸਰ ਸੁਣਿਆ ਤੇ ਦੇਖਿਆ ਹੋਵੇਗਾ ਕਿ ਵਿਧਾਇਕਾ ਤੇ ਸੰਸਦ ਮੈਂਬਰਾਂ ਦੇ ਘਰਾਂ ‘ਚ ਛਾਪੇ ਮਾਰੇ ਜਾਂਦੇ ਨੇ ਪਰ ਹੁਣ ਇੱਕ ਸਾਬਕਾ ਰਾਸ਼ਟਰਪਤੀ ਦੇ ਘਰ ‘ਚ ਛਾਪਾ ਮਾਰਿਆ ਗਿਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਇੰਨ੍ਹਾਂ ਹੀ ਨਹੀਂ ਰਾਸ਼ਟਰਪਤੀ ਨੇ ਵੀ ਇਸ ਕਰਵਾਈ ਨੂੰ ਆਪਣੇ ਖਿਲਾਫ ਸਾਜ਼ਿਸ਼ ਕਰਾਰ ਦਿੰਦਿਆਂ ਦੇਸ਼ ਲਈ ਕਾਲਾ ਦਿਨ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਇਸ ਛਾਪੇ ਮਗਰੋਂ ਰਾਸ਼ਟਰਪਤੀ ਦੇ ਘਰ ਤੋਂ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਰਾਸ਼ਟਰਪਤੀ ਨੇ ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਹਾਲਾਂਕਿ ਜਦੋਂ ਮੀਡੀਆ ਨੇ ਇਸ ਬਾਰੇ ਜਾਂਚ ਏਜੰਸੀ ਦੇ ਸਬੰਧਿਤ ਅਧਿਕਾਰੀਆਂ ਤੋਂ ਸਵਾਲ ਪੁੱਛੇ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਰੇਡ ਬਾਰੇ ਮੌਜੂਦਾ ਰਾਸ਼ਟਰਪਤੀ ਨੂੰ ਵੀ ਕੋਈ ਜਾਣਕਰੀ ਨਹੀਂ ਸੀ। ਜਿਸ ਨੇ ਸਭ ਨੂੰ ਹੋਰ ਹੈਰਾਨਗੀ ਵਿੱਚ ਪਾ ਦਿੱਤਾ ਹੈ।
ਦਰਅਸਲ ਅਮਰੀਕੀ ਜਾਂਚ ਏਜੰਸੀ FBI ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰ ਚ ਛਾਪਾ ਮਾਰਿਆ ਹੈ। ਇਸ ਛਾਪੇਮਾਰੀ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਨੇ ਜੋ ਬਿਡੇਨ ਪ੍ਰਸ਼ਾਸਨ ‘ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਅਮਰੀਕਾ ਲਈ ਕਾਲਾ ਦਿਨ ਹੈ। ਦੂਜੇ ਪਾਸੇ ਐਫਬੀਆਈ ਨੇ ਡੋਨਾਲਡ ਟਰੰਪ ਦੇ ਘਰ ਤੋਂ ਜੋ ਵੀ ਚੀਜ਼ਾਂ ਬਰਾਮਦ ਕੀਤੀਆਂ ਹਨ, ਉਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਹ ਵੀ ਦੱਸਿਆ ਗਿਆ ਕਿ ਇਹ ਛਾਪੇਮਾਰੀ ਕਿਉਂ ਕੀਤੀ ਗਈ। ਦਰਅਸਲ, ਅਮਰੀਕੀ ਏਜੰਸੀ ਐਫਬੀਆਈ ਨੇ ਸੋਮਵਾਰ ਨੂੰ ਫਲੋਰੀਡਾ ਵਿੱਚ ਟਰੰਪ ਦੇ ਲਗਜ਼ਰੀ ਘਰ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਛਾਪਾ ਮਾਰਿਆ। ਐਫਬੀਆਈ ਨੇ ਇਸ ਦੌਰਾਨ ਟਰੰਪ ਦੇ ਘਰ ਤੋਂ ਕਰੀਬ 12 ਬੋਕਸ ਜ਼ਬਤ ਕੀਤੇ ਹਨ। ਉਨ੍ਹਾਂ ‘ਤੇ ਦੋਸ਼ ਸੀ ਕਿ ਟਰੰਪ ਵ੍ਹਾਈਟ ਹਾਊਸ ਤੋਂ ਬਾਹਰ ਨਿਕਲਦੇ ਸਮੇਂ ਦਸਤਾਵੇਜ਼ਾਂ ਦੇ ਕਰੀਬ 15 ਡੱਬੇ ਆਪਣੇ ਨਾਲ ਲੈ ਗਏ ਸਨ। ਇਹ ਸਾਰੇ ਡੱਬੇ ਮਾਰ-ਏ-ਲਾਗੋ ਭੇਜੇ ਗਏ ਸਨ। ਜਦੋਂਕਿ ਉਸ ਸਮੇਂ ਵ੍ਹਾਈਟ ਹਾਊਸ ਛੱਡਣ ਸਮੇਂ ਦਸਤਾਵੇਜ਼ਾਂ ਨਾਲ ਭਰੇ ਇਹ ਬਕਸੇ ਨੈਸ਼ਨਲ ਆਰਚੀਜ਼ ਨੂੰ ਭੇਜੇ ਜਾਣੇ ਸਨ।
ਉਦੋਂ ਤੋਂ ਹੀ ਜਾਂਚ ਏਜੰਸੀ ਇਸ ਗੱਲ ਦੀ ਤਲਾਸ਼ ਵਿੱਚ ਸੀ ਕਿ ਇਹ ਕਦੋਂ ਬਰਾਮਦ ਕੀਤੇ ਜਾਣ। ਨਿਊਯਾਰਕ ਪੋਸਟ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਐਫਬੀਆਈ ਨੇ ਇਸ ਦੌਰਾਨ ਟਰੰਪ ਦੇ ਘਰ ਤੋਂ ਕਰੀਬ 12 ਬਾਕਸ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ ਕਿਮ ਜੋਂਗ ਉਨ ਵੱਲੋਂ ਟਰੰਪ ਨੂੰ ਲਿਖੀ ਚਿੱਠੀ, ਕੁਝ ਸਰਕਾਰੀ ਦਸਤਾਵੇਜ਼ਾਂ ਸਮੇਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਆਪਣੇ ਉੱਤਰਾਧਿਕਾਰੀ ਨੂੰ ਲਿਖਿਆ ਗਿਆ ਪੱਤਰ ਵੀ ਸ਼ਾਮਿਲ ਹੈ।
ਇਸ ਤੋਂ ਇਲਾਵਾ ਉਥੋਂ ਕਈ ਹੋਰ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਟਰੰਪ ‘ਤੇ ਅਹੁਦੇ ‘ਤੇ ਰਹਿੰਦਿਆਂ ਸਰਕਾਰੀ ਦਸਤਾਵੇਜ਼ਾਂ ਨੂੰ ਪਾੜਨ ਅਤੇ ਫਲੱਸ਼ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਛਾਪੇਮਾਰੀ ਬਿਨਾਂ ਕਿਸੇ ਨੋਟਿਸ ਦੇ ਕੀਤੀ ਗਈ ਹੈ। ਜਦੋਂ ਐਫਬੀਆਈ ਏਜੰਟਾਂ ਨੇ ਛਾਪਾ ਮਾਰਿਆ ਤਾਂ ਟਰੰਪ ਖੁਦ ਆਪਣੇ ਘਰ ਚ ਨਹੀਂ ਸਨ।
ਦੂਜੇ ਪਾਸੇ ਛਾਪੇਮਾਰੀ ਤੋਂ ਬਾਅਦ ਏਜੰਸੀ ‘ਤੇ ਪਲਟਵਾਰ ਕਰਦੇ ਹੋਏ ਟਰੰਪ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਅਜਿਹਾ ਅਮਰੀਕਾ ਦੇ ਰਾਸ਼ਟਰਪਤੀ ਨਾਲ ਪਹਿਲਾਂ ਕਦੇ ਨਹੀਂ ਹੋਇਆ ਸੀ। ਜਾਂਚ ਏਜੰਸੀਆਂ ਦੇ ਸਹਿਯੋਗ ਦੇ ਬਾਵਜੂਦ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਨਿਆਂਪਾਲਿਕਾ ਨੂੰ ਹਥਿਆਰ ਵਜੋਂ ਵਰਤਣ ਵਾਂਗ ਹੈ। ਇਹ ਕੱਟੜ ਖੱਬੇ ਪੱਖੀ ਡੈਮੋਕਰੇਟਸ ਦਾ ਹਮਲਾ ਹੈ। ਉਹ ਨਹੀਂ ਚਾਹੁੰਦੇ ਕਿ ਮੈਂ 2024 ਦੀਆਂ ਚੋਣਾਂ ਲੜਾਂ।
ਦੱਸ ਦੇਈਏ ਕਿ ਨਿਆਂ ਵਿਭਾਗ ਟਰੰਪ ਦੇ ਖਿਲਾਫ ਦੋ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਪਹਿਲਾ ਮਾਮਲਾ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਦੇ ਸਬੰਧ ਵਿੱਚ ਅਤੇ ਦੂਜਾ ਦਸਤਾਵੇਜ਼ਾਂ ਨੂੰ ਸੰਭਾਲਣ ਦੇ ਸਬੰਧ ਵਿੱਚ ਹੈ। ਅਪ੍ਰੈਲ-ਮਈ ‘ਚ ਵੀ ਜਾਂਚ ਏਜੰਸੀ ਨੇ ਇਸ ਮਾਮਲੇ ‘ਚ ਫਲੋਰੀਡਾ ‘ਚ ਟਰੰਪ ਦੇ ਕਰੀਬੀ ਦੋਸਤਾਂ ਤੋਂ ਪੁੱਛਗਿੱਛ ਕੀਤੀ ਸੀ।