ਸੰਯੁਕਤ ਕਿਸਾਨ ਮੋਰਚਾ ਨੇ ਅਜੇ ਮਿਸ਼ਰਾ ਟੇਨੀ ਨੂੰ ਭਾਰਤ ਸਰਕਾਰ ਵਿੱਚੋਂ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਲਈ ਦੇਸ਼ ਭਰ ਵਿੱਚ ਅੱਜ ਯਾਨੀ 18 ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ 3 ਅਕਤੂਬਰ ਨੂੰ ਕਿਸਾਨਾਂ ਦੇ ਕਤਲੇਆਮ ਦੇ ਤੁਰੰਤ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਇਸ ਕਤਲੇਆਮ ਦੀ ਘਟਨਾ ‘ਚ ਇਨਸਾਫ਼ ਪ੍ਰਾਪਤ ਕਰਨ ਲਈ ਕਈ ਕਾਰਵਾਈਆਂ ਦਾ ਐਲਾਨ ਕੀਤਾ ਸੀ। ਸ਼ੁਰੂ ਤੋਂ ਹੀ ਐਸਕੇਐਮ ਮੋਦੀ ਸਰਕਾਰ ‘ਚ ਮੰਤਰੀ ਮੰਡਲ ਤੋਂ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਾ ਰਿਹਾ ਹੈ।
SKM ਦਾ ਕਹਿਣਾ ਹੈ ਕਿ ਇਹ ਸਪੱਸ਼ਟ ਹੈ ਕਿ ਅਜੈ ਮਿਸ਼ਰਾ ਦੇ ਕੇਂਦਰ ਸਰਕਾਰ ‘ਚ ਗ੍ਰਹਿ ਰਾਜ ਮੰਤਰੀ ਹੋਣ ਦੇ ਨਾਲ ਇਸ ਮਾਮਲੇ ‘ਚ ਨਿਆਂ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ। ਸੰਯੁਕਤ ਕਿਸਾਨ ਮੋਰਚੇ ਨੇ ਅਪਣੇ ਹਲਕਿਆਂ ਨੂੰ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਰੇਲ ਆਵਾਜਾਈ ਨੂੰ ਛੇ ਘੰਟਿਆਂ ਲਈ ਬੰਦ ਕਰਨ ਦਾ ਸੱਦਾ ਦਿਤਾ ਅਤੇ ਐਸਕੇਐਮ ਕਿਸੇ ਵੀ ਰੇਲਵੇ ਸੰਪਤੀ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਬਗ਼ੈਰ ਇਸ ਕਾਰਵਾਈ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਨ ਦੀ ਵੀ ਅਪੀਲ ਕੀਤੀ |