ਜਿੱਥੇ ਲੱਗਭਗ ਪਿਛਲੇ 8 ਮਹੀਨਿਆਂ ਤੋਂ ਭਾਰਤ ਵਿੱਚ ਕਿਸਾਨਾਂ ਵੱਲੋ ਅੰਦੋਲਨ ਚਲਾਇਆ ਜਾ ਰਿਹਾ ਹੈ, ਓਸੇ ਹੀ ਤਰਜ ‘ਤੇ ਹੁਣ ਨਿਊਜੀਲੈਂਡ ਵਿੱਚ ਵੀ ਕਿਸਾਨਾਂ ਵੱਲੋ ਸ਼ੁੱਕਰਵਾਰ ਨੂੰ ਇੱਕ ਕਿਸਾਨ ਰੈਲੀ ਕੱਢੀ ਗਈ ਹੈ। ਜਿਵੇਂ ਭਾਰਤ ਵਿੱਚ ਕਿਸਾਨਾਂ ਦੇ ਵੱਲੋ ਉਥੋਂ ਦੀ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਓਸੇ ਤਰਾਂ ਨਿਊਜੀਲੈਂਡ ਦੇ ਕਿਸਾਨ ਵੀ ਨਿਊਜੀਲੈਂਡ ਸਰਕਾਰ ਵੱਲੋ ਲਾਗੂ ਕੀਤੇ ਜਾਂ ਰਹੇ ਟੈਕਸ ਦੇ ਖਿਲਾਫ ਸੜਕਾਂ ‘ਤੇ ਉੱਤਰੇ ਹਨ। ਜਾਣਕਰੀ ਲਈ ਦੱਸ ਦੇਈਏ ਕਿ ਪਿੱਛਲੇ ਮਹੀਨੇ ਨਿਊਜੀਲੈਂਡ ਸਰਕਾਰ ‘ute tax’ ਲਗਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਦਰਅਸਲ ਅੱਜ ਕਿਸਾਨ ਸੱਤ ਮੁੱਖ ਕਾਰਨਾਂ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦਖਲਅੰਦਾਜ਼ੀ ਨੂੰ ਵਧਾ ਰਹੀ ਹੈ, ਜਿਸ ਵਿੱਚ ਇਸ ਦੇ “ute tax” ਅਤੇ ਵਾਤਾਵਰਣ ਦੀਆਂ ਨੀਤੀਆਂ ਸ਼ਾਮਿਲ ਹਨ। ਨਿਊਜ਼ੀਲੈਂਡ ਸਰਕਾਰ ਦੇ ਫੈਸਲਿਆਂ ਖਿਲਾਫ ਅੱਜ ਕਿਸਾਨਾਂ ਨੇ ਪੂਰੇ ਨਿਊਜ਼ੀਲੈਂਡ ਵਿੱਚ ਸੜਕਾਂ ‘ਤੇ ਉੱਤਰ ਕੇ ਆਪਣਾ ਵਿਰੋਧ ਜਤਾਇਆ ਹੈ। ਵਿਰੋਧ ਪ੍ਰਦਰਸ਼ਨ ਵਿੱਚ ਕਿਸਾਨ ਆਪਣੇ ਟਰੈਕਟਰਾਂ ਸਣੇ ਗੱਡੀਆਂ ਲੈ ਕੇ ਸੜਕਾਂ ‘ਤੇ ਉੱਤਰੇ ਹਨ। ਇਸ ਮਾਰਚ ਦੌਰਾਨ “don’t bite the hand that feeds you”, “no farmers, no food”, “David Parker hates farmers” ਅਤੇ “comrade Taxinda divides NZ” ਦੇ ਬੋਰਡ ਵੀ ਦੇਖਣ ਨੂੰ ਮਿਲੇ ਹਨ। ਹਾਲਾਂਕਿ ਇਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।