ਕਿਸਾਨਾਂ ਨੇ 29 ਨਵੰਬਰ ਨੂੰ ਹੋਣ ਵਾਲਾ ‘ਸੰਸਦ ਮਾਰਚ’ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਸ਼ਨੀਵਾਰ ਨੂੰ ਹੋਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਕਿਸਾਨ ਆਗੂ ਦਰਸ਼ਨ ਪਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ‘ਅਸੀਂ ਅਗਲੀ ਮੀਟਿੰਗ 4 ਦਸੰਬਰ ਨੂੰ ਕਰਾਂਗੇ। ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ 29 ਨਵੰਬਰ ਨੂੰ ਸੰਸਦ ਵਿੱਚ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਇਹ 29 ਨਵੰਬਰ ਨੂੰ ਸੰਸਦ ਤੱਕ ਕੀਤਾ ਜਾਣ ਵਾਲਾ ਮਾਰਚ ਮੁਲਤਵੀ ਕੀਤਾ ਜਾ ਰਿਹਾ ਹੈ, ਰੱਦ ਨਹੀਂ।
ਅਸੀਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਅਸੀਂ ਕਈ ਮੰਗਾਂ ਰੱਖੀਆਂ ਸਨ। ਅਸੀਂ ਮੰਗ ਕੀਤੀ ਸੀ ਕਿ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣ। ਐਮਐਸਪੀ ਦੀ ਗਰੰਟੀ ਹੋਣੀ ਚਾਹੀਦੀ ਹੈ। ਇਸ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪਰਾਲੀ ਅਤੇ ਬਿਜਲੀ ਸੋਧ ਬਿੱਲ ਵੀ ਰੱਦ ਕੀਤੇ ਜਾਣ। ਕਿਸਾਨਾਂ ਨੇ ਬਾਕੀ ਮੁੱਦਿਆਂ ‘ਤੇ ਬੋਲਦਿਆਂ ਕਿਹਾ ਕਿ ਅਸੀਂ 4 ਦਸੰਬਰ ਤੱਕ ਇੰਤਜ਼ਾਰ ਕਰਾਂਗੇ, ਫਿਰ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਦੋਬਾਰਾ ਇੱਕ ਮੀਟਿੰਗ ਕਰੇਗਾ ਜਿਸ ਤੋਂ ਬਾਅਦ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।