ਲੱਗਭਗ ਪਿਛਲੇ 8 ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਦਿੱਲੀ ਵਿੱਚ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਲਈ ਵੀ ਕਿਸਾਨਾਂ ਨੇ ਆਗਿਆ ਮੰਗੀ ਗਈ ਸੀ। ਜਿਸ ਨਾਲ ਜੁੜੀ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦੇ ਅਨੁਸਾਰ ਕਿਸਾਨਾਂ ਨੂੰ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜਤ ਨਹੀਂ ਮਿਲੀ ਹੈ। ਸੂਤਰ ਦਾ ਕਹਿਣਾ ਹੈ ਕਿ ਪੁਲਿਸ ਨੇ ਪ੍ਰਦਰਸ਼ਨ ਦੇ ਸੰਬੰਧ ਵਿੱਚ ਕੁੱਝ ਨਿਯਮ ਅਤੇ ਸ਼ਰਤਾਂ ਕਿਸਾਨਾਂ ਦੇ ਸਾਹਮਣੇ ਰੱਖੀਆਂ ਹਨ।
ਜੇ ਇੰਨਾਂ ਨੂੰ ਪੂਰਾ ਕਰ ਲਿਆ ਜਾਂਦਾ ਹੈ, ਤਾਂ ਲੱਗਭਗ 200 ਕਿਸਾਨ ਭਲਕੇ ਬੱਸਾਂ ਰਾਹੀਂ ਜੰਤਰ-ਮੰਤਰ ਵਿਖੇ ਆਉਣਗੇ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਬੱਸ ਪੁਲਿਸ ਨਿਗਰਾਨੀ ਹੇਠ ਜੰਤਰ-ਮੰਤਰ ਪਹੁੰਚੇਗੀ। ਜਾਣਕਾਰੀ ਅਨੁਸਾਰ ਕਿਸਾਨ ਸਵੇਰੇ 11.30 ਵਜੇ ਜੰਤਰ-ਮੰਤਰ ਪਹੁੰਚਣਗੇ। ਉਨ੍ਹਾਂ ਨੂੰ ਜੰਤਰ ਮੰਤਰ ਵਿਖੇ ਚਰਚ ਵਾਲੇ ਪਾਸੇ ਸ਼ਾਂਤੀ ਨਾਲ ਬਿਠਾਇਆ ਜਾਵੇਗਾ। ਪੰਜ ਪੁਲਿਸ ਕੰਪਨੀਆਂ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੀਆਂ ਜਾਣਗੀਆਂ।
ਇਸ ਦੇ ਨਾਲ ਹੀ, ਹਰੇਕ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੈਰੀਕੇਡ ਦੇ ਅੰਦਰ ਜਾਣ ਦਿੱਤਾ ਜਾਵੇਗਾ। ਸ਼ਾਮ 5 ਵਜੇ, ਕਿਸਾਨ ਆਪਣਾ ਵਿਰੋਧ ਖਤਮ ਕਰਕੇ ਸਰਹੱਦ ‘ਤੇ ਵਾਪਿਸ ਪਰਤ ਆਉਣਗੇ। ਹਾਲਾਂਕਿ ਦਿੱਲੀ ਪੁਲਿਸ ਨੇ ਅਧਿਕਾਰਤ ਤੌਰ ‘ਤੇ ਅਜੇ ਤੱਕ ਪ੍ਰਦਰਸ਼ਨ ਦੀ ਇਜਾਜ਼ਤ ਬਾਰੇ ਕੁੱਝ ਨਹੀਂ ਕਿਹਾ ਹੈ। ਕਿਸਾਨ ਯੂਨੀਅਨਾਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਜੰਤਰ ਮੰਤਰ ਵਿਖੇ ‘ਕਿਸਾਨ ਸੰਸਦ’ ਦਾ ਆਯੋਜਨ ਕੀਤਾ ਜਾਵੇਗਾ। 22 ਜੁਲਾਈ ਤੋਂ, ਸਿੰਘੂ ਸਰਹੱਦ ਤੋਂ 200 ਪ੍ਰਦਰਸ਼ਨਕਾਰੀ ਹਰ ਰੋਜ਼ ਉਥੇ ਪਹੁੰਚਣਗੇ। ਇੱਕ ਦਿਨ ਪਹਿਲਾਂ, ਦਿੱਲੀ ਪੁਲਿਸ ਅਧਿਕਾਰੀਆਂ ਨਾਲ ਇੱਕ ਮੁਲਾਕਾਤ ਵਿੱਚ, ਇੱਕ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੇ ਅਤੇ ਕੋਈ ਵੀ ਪ੍ਰਦਰਸ਼ਨਕਾਰੀ ਸੰਸਦ ਵਿੱਚ ਨਹੀਂ ਜਾਵੇਗਾ, ਜਿੱਥੇ ਮੌਨਸੂਨ ਸੈਸ਼ਨ ਚੱਲ ਰਿਹਾ ਹੈ।