ਕਿਸਾਨ ਅੰਦੋਲਨ ਵਾਲੇ ਓਹੀ ਕਿਸਾਨ ਤੇ ਓਹੀ ਝੰਡੇ ਤੇ ਪਹਿਲਾ ਵਾਂਗ ਹੀ ਬੈਰੀਕੇਡ ਤੋੜਨ ਦੀਆਂ ਇਹ ਤਸਵੀਰਾਂ ਇੱਕ ਵਾਰ ਫਿਰ ਓਸੇ ਦਿੱਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ 2020 ‘ਚ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲਾ ਕਿਸਾਨਾਂ ਦਾ ਅੰਦੋਲਨ ਹੋਇਆ ਸੀ। ਪਰ ਇਸ ਵਾਰ ਇਹ ਕਿਸਾਨ ਆਪਣੇ ਲਈ ਨਹੀਂ ਸਗੋਂ ਦੁਨੀਆ ਭਰ ‘ਚ ਭਾਰਤ ਦਾ ਝੰਡਾ ਬੁਲੰਦ ਕਰਨ ਵਾਲੇ ਭਲਵਾਨਾਂ ਦੇ ਹੱਕ ‘ਚ ਡਟਣ ਲਈ ਦਿੱਲੀ ਪਹੁੰਚੇ ਨੇ। ਦਰਅਸਲ ਸੋਮਵਾਰ ਨੂੰ ਮਹਿਲਾ ਭਲਵਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਲਈ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵਿਖੇ ਜੰਤਰ-ਮੰਤਰ ‘ਤੇ ਪਹੁੰਚੇ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ‘ਚ ਬੈਰੀਕੇਡ ਲਗਾਏ ਗਏ ਸਨ ਪਰ ਧਰਨੇ ਵਿੱਚ ਪਹੁੰਚਣ ਲਈ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ।ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਦਾ ਅੱਜ 16ਵਾਂ ਦਿਨ ਹੈ। ਉੱਥੇ ਹੀ ਹੁਣ ਕਿਸਾਨ ਵੀ ਭਲਵਾਨਾਂ ਦਾ ਸਾਥ ਦੇਣ ਲਈ ਪਹੁੰਚ ਚੁੱਕੇ ਨੇ।
ਦੱਸ ਦਈਏ ਕਿ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰ ਅਤੇ ਰੈਸਲਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਜੰਤਰ-ਮੰਤਰ ‘ਤੇ ਲਗਾਤਾਰ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਪਹਿਲਵਾਨਾਂ ਦੀ ਮੰਗ ਹੈ ਕਿ ਦਿੱਲੀ ਪੁਲਿਸ ਭਾਜਪਾ ਦੇ ਸੰਸਦ ਮੈਂਬਰ ਨੂੰ ਗ੍ਰਿਫ਼ਤਾਰ ਕਰੇ। ਇਸ ਤੋਂ ਪਹਿਲਾ ਪਹਿਲਵਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਲਈ ਐਤਵਾਰ ਨੂੰ ਐਸਕੇਐਮ ਅਤੇ ਖਾਪ ਆਗੂ ਵੀ ਪਹੁੰਚ ਗਏ ਸਨ। ਜੰਤਰ-ਮੰਤਰ ‘ਤੇ ਗੱਲਬਾਤ ਦੌਰਾਨ ਖਾਪ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਧੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਤਗਮੇ ਜਿੱਤ ਕੇ ਦੁਨੀਆ ਭਰ ‘ਚ ਭਾਰਤ ਦਾ ਮਾਣ ਵਧਾਇਆ ਹੈ।