ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਦੌਰਾਨ ਟਿਕਰੀ ਬਾਰਡਰ ‘ਤੇ ਅੱਜ ਇੱਕ ਕਿਸਾਨ ਮਹਾਪੰਚਾਇਤ ਵੀ ਕੀਤੀ ਹੈ। ਟਿਕਰੀ ਬਾਰਡਰ ਨੇੜੇ ਸੈਕਟਰ-13 ਵਿੱਚ 7 ਏਕੜ ਰਕਬੇ ਵਿੱਚ ਕਿਸਾਨ ਮਹਾਂਪੰਚਾਇਤ ਕੀਤੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਮਹਾਪੰਚਾਇਤ ‘ਚ ਪਹੁੰਚ ਸੰਬੋਧਨ ਕੀਤਾ। ਇੱਕ ਸਾਲ ਪਹਿਲਾਂ ਯਾਨੀ ਕਿ 26 ਨਵੰਬਰ 2020 ਨੂੰ ਹੀ ਕਿਸਾਨਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ। ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਦੇ ਫੈਸਲੇ ਤੋਂ ਬਾਅਦ ਵੀ ਕੁੱਝ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।
ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਦੇਸ਼ ਭਰ ਤੋਂ ਕਿਸਾਨ ਵੱਡੀ ਗਿਣਤੀ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚ ਗਏ ਹਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਛੇ ਮੰਗਾਂ ਵਿੱਚੋਂ ਸਿਰਫ਼ ਇੱਕ ਹੀ ਮੰਨੀ ਗਈ ਹੈ। ਜਦੋਂ ਤੱਕ ਹਰ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।