ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਕਿਸਾਨ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 (ਜੀਟੀ ਰੋਡ) ’ਤੇ ਡੱਟ ਗਏ ਹਨ। ਹਾਈਵੇਅ ਨੂੰ ਜਾਮ ਕੀਤੇ ਕਰੀਬ 7 ਘੰਟੇ ਬੀਤ ਚੁੱਕੇ ਹਨ। ਭਾਵੇਂ ਉਨ੍ਹਾਂ ਵੱਲੋਂ ਕੱਲ੍ਹ ਅਤੇ ਅੱਜ 2 ਦਿਨਾਂ ਵਿੱਚ ਪ੍ਰਸ਼ਾਸਨ ਨਾਲ 6 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਨਾਲ ਹੀ ਮੌਕੇ ‘ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਹੈ। ਗੁਰਨਾਮ ਸਿੰਘ ਚੜੂਨੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ, ਕਿਸਾਨ ਹਾਈਵੇ ਨਹੀਂ ਖੋਲ੍ਹਣਗੇ। ਹੁਣ ਭਾਵੇਂ ਤੁਸੀਂ ਸਾਨੂੰ ਡੰਡਿਆਂ ਨਾਲ ਕੁੱਟੋ ਜਾਂ ਜੇਲ੍ਹਾਂ ਵਿੱਚ ਡੱਕ ਦਿਓ, ਅਸੀਂ ਪਿੱਛੇ ਨਹੀਂ ਹਟਣ ਵਾਲੇ।
ਚੜੂਨੀ ਨੇ ਕਿਹਾ ਕਿ ਜੇਕਰ ਅੱਜ ਝੋਨੇ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਭਲਕੇ 24 ਸਤੰਬਰ ਨੂੰ ਪੂਰੇ ਹਰਿਆਣਾ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਦੇ ਨਾਲ ਹੀ ਚੜੂਨੀ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਕਿਸਾਨਾਂ ਨੂੰ ਇਹ ਸੁਨੇਹਾ ਦੇਣ ਕਿ ਵੱਧ ਤੋਂ ਵੱਧ ਕਿਸਾਨ ਆਪਣੇ ਟਰੈਕਟਰਾਂ ਨਾਲ ਆਉਣ ਵਾਲੇ ਕੱਲ੍ਹ ਲਈ ਤਿਆਰ ਰਹਿਣ। ਹਰਿਆਣਾ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰ ਫੜ ਗਈ ਹੈ, ਪਰ ਅਜੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ। ਇਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਦੋ ਦਿਨ ਪਹਿਲਾਂ ਭਾਕਿਯੂ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਸ਼ਾਹਬਾਦ ਕਿਸਾਨ ਰੈਸਟ ਹਾਊਸ ਵਿਖੇ ਮੀਟਿੰਗ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਵੀਰਵਾਰ ਸ਼ਾਮ ਤੱਕ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਤਾਂ ਕੌਮੀ ਚੱਕਾ ਜਾਮ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਸ਼ਾਹਬਾਦ ਨੇੜੇ ਹਾਈਵੇਅ ਜਾਮ ਕਰ ਦਿੱਤਾ ਜਾਵੇਗਾ।
ਸ਼ੁੱਕਰਵਾਰ ਨੂੰ 11 ਵਜੇ ਹਜ਼ਾਰਾਂ ਕਿਸਾਨ ਆਪਣੀ ਟਰੈਕਟਰ ਟਰਾਲੀ ਲੈ ਕੇ ਸ਼ਾਹਬਾਦ ਦੇ ਸ਼ਹੀਦ ਊਧਮ ਸਿੰਘ ਚੌਕ ਪਹੁੰਚੇ ਤੇ ਕਿਸਾਨਾਂ ਨੇ ਕੌਮੀ ਮਾਰਗ ਜਾਮ ਕਰ ਦਿੱਤਾ। ਮੌਕੇ ‘ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਹੈ। ਗੁਰਨਾਮ ਸਿੰਘ ਨਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਹੋਈ ਸੀ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਫੈਸਲਾ ਕੀਤਾ ਕਿ ਜਦੋਂ ਤੱਕ ਸਰਕਾਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਕਰ ਦਿੰਦੀ ਉਹ ਹਾਈਵੇਅ ਜਾਮ ਰੱਖਣਗੇ।