ਅੱਜ ਨਿਊਜ਼ੀਲੈਂਡ ਦੇ ਵਿੱਚ ਵੀ ਦਿੱਲੀ ਦੇ ਕਿਸਾਨ ਅੰਦੋਲਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ। ਦਰਅਸਲ ਨਿਊਜ਼ੀਲੈਂਡ ਭਰ ਦੇ ਕਿਸਾਨ ਸਰਕਾਰ ਦੀ ਨਵੀਂ ਖੇਤੀ ਨਿਕਾਸੀ ਕੀਮਤ ਯੋਜਨਾ ਦੇ ਵਿਰੋਧ ‘ਚ ਅੱਜ ਸੜਕਾਂ ‘ਤੇ ਉੱਤਰੇ ਆਏ ਹਨ। ਪਿਛਲੇ ਹਫ਼ਤੇ ਐਲਾਨੀ ਗਈ ਸਕੀਮ ਕਿਸਾਨਾਂ ਨੂੰ ਲੇਵੀ ਰਾਹੀਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਲਈ ਭੁਗਤਾਨ ਕਰੇਗੀ। ਨਿਊਜ਼ੀਲੈਂਡ ਦੇ ਨਿਕਾਸ ਦਾ ਤਕਰੀਬਨ ਅੱਧਾ ਹਿੱਸਾ ਖੇਤੀਬਾੜੀ ਕਰਦਾ ਹੈ। ਹੌਲੀ-ਹੌਲੀ ਚੱਲ ਰਹੇ ਟਰੈਕਟਰ ਕਾਫਲਿਆਂ ਸਮੇਤ ਵੰਗਾਰੇਈ ਤੋਂ ਬਲਫ ਤੱਕ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ। ਆਯੋਜਕ ਗਰਾਊਂਡਸਵੈਲ ਦਾ ਕਹਿਣਾ ਹੈ ਕਿ ਨਿਕਾਸ ਪ੍ਰਸਤਾਵ “ਪੇਂਡੂ ਭਾਈਚਾਰਿਆਂ ਲਈ ਹੋਂਦ ਦਾ ਖ਼ਤਰਾ” ਅਤੇ “ਭੋਜਨ ਉਤਪਾਦਨ ‘ਤੇ ਹਮਲਾ” ਹੈ।
ਗਰਾਊਂਡਸਵੈਲ ਦੇ ਸਹਿ-ਸੰਸਥਾਪਕ ਬ੍ਰਾਈਸ ਮੈਕੇਂਜੀ ਨੇ ਇੱਕ ਬਿਆਨ ‘ਚ ਕਿਹਾ ਕਿ ਇਹ “ਨਿਊਜ਼ੀਲੈਂਡ ਦੀ ਖੇਤੀ ਲਈ ਇੱਕ ਤਬਾਹੀ” ਹੈ। “ਇਹ ਸਿਰਫ਼ ਖੇਤੀ ਲਈ ਹੀ ਨਹੀਂ, ਸਗੋਂ ਪੂਰੇ ਨਿਊਜ਼ੀਲੈਂਡ ਅਤੇ ਖਾਸ ਕਰਕੇ ਪੇਂਡੂ ਨਿਊਜ਼ੀਲੈਂਡ ਲਈ ਬਹੁਤ ਗੰਭੀਰ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਇਹ ਨਿਊਜ਼ੀਲੈਂਡ ਦੇ ਕਾਰੋਬਾਰਾਂ ‘ਤੇ ਬਹੁਤ ਵੱਡਾ ਪ੍ਰਭਾਵ ਪਾਏਗਾ।” ਮੈਕਕੇਂਜ਼ੀ ਨੇ ਮੰਨਿਆ ਕਿ ਨਿਕਾਸੀ ਬਾਰੇ ਕੁੱਝ ਕੀਤਾ ਜਾਣਾ ਚਾਹੀਦਾ ਹੈ, ਪਰ ਕਿਹਾ ਕਿ ਕਿਸਾਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸਰਕਾਰ ਦੀ ਅੇਮੀਸ਼ਨ ਰਿਡਕਸ਼ਨ ਯੋਜਨਾ ਤਹਿਤ ਜੀਐਸਟੀ ਅਦਾ ਕਰਨ ਵਾਲੇ ਅਤੇ ਰਜਿਸਟਰਡ ਹੋਏ ਉਨ੍ਹਾਂ ਕਿਸਾਨਾ ‘ਤੇ 2025 ਤੋਂ ਨਵਾਂ ਟੈਕਸ ਲਾਇਆ ਜਾਣਾ ਹੈ, ਜੋ ਪਸ਼ੂ-ਪਾਲਣ ਅਤੇ ਖਾਦਾਂ ਵਰਤੋਂ ਕਰਨ ਦੀ ਇੱਕ ਖਾਸ ਸੀਮਾ ਨੂੰ ਪਾਰ ਕਰਦੇ ਹਨ।