ਕਿਸਾਨ ਅੰਦੋਲਨਾਂ ਦਾ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਆਪਣਾ ਇਤਿਹਾਸ ਹੈ। ਭਾਰਤੀ ਕਿਸਾਨ ਅੰਦੋਲਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ ਪਰ ਯੂਰਪ ਦੇ ਕਈ ਦੇਸ਼ਾਂ ‘ਚ ਵੀ ਕਿਸਾਨ ਸਰਕਾਰ ਦੀਆਂ ਨੀਤੀਆਂ ਖਿਲਾਫ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਯੂਰਪ ਦੇ ਕਰੀਬ 10 ਦੇਸ਼ਾਂ ਵਿੱਚ ਜਨਵਰੀ ਤੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਫਰਾਂਸ, ਪੋਲੈਂਡ, ਸਪੇਨ, ਜਰਮਨੀ, ਇਟਲੀ, ਗ੍ਰੀਸ, ਰੋਮਾਨੀਆ, ਬੈਲਜੀਅਮ, ਪੁਰਤਗਾਲ, ਲਿਥੁਆਨੀਆ ਸ਼ਾਮਿਲ ਹਨ।
ਵੀਰਵਾਰ ਨੂੰ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਇਟਲੀ ਦੇ ਰੋਮ ਵਿਚ ਪ੍ਰਾਚੀਨ ਸਰਕਸ ਮੈਕਸਿਮਸ ‘ਤੇ ਧਾਵਾ ਬੋਲ ਦਿੱਤਾ। ਕਿਸਾਨਾਂ ਨੇ ਸਰਕਸ ਮੈਕਸਿਮਸ ਦੇ ਆਲੇ-ਦੁਆਲੇ ਆਪਣੇ ਟਰੈਕਟਰ ਚਲਾਉਣੇ ਸ਼ੁਰੂ ਕਰ ਦਿੱਤੇ, ਇਸ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਤੋਂ ਇਲਾਵਾ ਕਿਸਾਨਾਂ ਦਾ ਇੱਕ ਸਮੂਹ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਦਫ਼ਤਰ ਨੇੜੇ ਵੀ ਇਕੱਠਾ ਹੋਇਆ। ਇਸ ਤੋਂ ਇਲਾਵਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਯੂਰਪੀਅਨ ਯੂਨੀਅਨ ਦੇ ਦਫ਼ਤਰ ਵੀ ਪੁੱਜੇ ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਆਪਣਾ ਸ਼ਿਕਾਇਤ ਪੱਤਰ ਸੌਂਪਿਆ।
ਇਟਲੀ ਦੀ ਰਾਜਧਾਨੀ ਦਾ ਇਹ ਨਜ਼ਾਰਾ 26 ਜਨਵਰੀ 2021 ਨੂੰ ਦਿੱਲੀ ਦੀਆਂ ਸੜਕਾਂ ‘ਤੇ ਦੇਖਿਆ ਗਿਆ ਸੀ। ਅੰਦੋਲਨਕਾਰੀ ਕਿਸਾਨ ਆਈਟੀਓ ਰਾਹੀਂ ਟਰੈਕਟਰਾਂ ‘ਤੇ ਦਿੱਲੀ ਦਾਖ਼ਲ ਹੋਏ ਸਨ। ਕਿਸਾਨਾਂ ਨੇ ਇੱਥੇ ਟਰੈਕਟਰ ਚਲਾਏ ਸੀ। ਕਿਸਾਨਾਂ ਦੇ ਟਰੈਕਟਰ ਅੰਦੋਲਨ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਰੋਮ ‘ਚ ਦੇਖਣ ਨੂੰ ਮਿਲੀਆਂ।