ਨਿਊਜ਼ੀਲੈਂਡ ਵਿੱਚ ਇੱਕ ਜਾਅਲੀ ਟਵਿੱਟਰ ਅਕਾਊਂਟ ਰਾਹੀਂ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਖੁਲਾਸਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੀ ਪ੍ਰਬੰਧਿਤ isolation ਅਤੇ quarantine ਸਹੂਲਤਾਂ ਵਿੱਚ ਖਾਲੀ ਹੋਣ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲਾ ਟਵਿੱਟਰ ਅਕਾਊਂਟ ਜਾਅਲੀ ਹੈ। ਇਸ ਮਹੀਨੇ ਹੀ ਇਹ ਅਕਾਊਂਟ ਖੁੱਲ੍ਹਿਆ ਅਤੇ ਮੰਗਲਵਾਰ ਨੂੰ ਟਵੀਟ ਕੀਤਾ ਗਿਆ ਕਿ ਦਸੰਬਰ, ਜਨਵਰੀ ਅਤੇ ਫਰਵਰੀ ਦੀਆਂ ਸਹੂਲਤਾਂ ਵਿੱਚ ਨਵੇਂ ਸਲੋਟ ਅਗਸਤ ਦੇ ਅਖੀਰ ਤੋਂ ਉਪਲਬਧ ਕਰਵਾਏ ਜਾਣਗੇ। ਜਦਕਿ ਇਹ ਅਕਾਊਂਟ “ਅਣਅਧਿਕਾਰਤ” ਹੈ, ਇਸ ਅਕਾਊਂਟ ‘ਤੇ ਐਮਆਈਕਿਯੂ (MIQ) ਲੋਗੋ ਨੂੰ ਪ੍ਰੋਫਾਈਲ ਤਸਵੀਰ ਵਜੋਂ ਵਰਤਿਆ ਗਿਆ ਹੈ।
ਐਮਆਈਕਿਯੂ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਅਕਾਊਂਟ ‘ਤੇ ਮੁਹੱਈਆ ਕਰਵਾਈ ਜਾ ਰਹੀ ਜਾਣਕਾਰੀ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅਸੀਂ ਹੁਣੇ ਹੀ ਇਸ ਅਕਾਊਂਟ ਬਾਰੇ ਜਾਣੂ ਹੋਏ ਹਾਂ ਅਤੇ ਅਸੀਂ ਸਥਿਤੀ ਨੂੰ ਵੇਖ ਰਹੇ ਹਾਂ। ਇਹ ਅਕਾਊਂਟ ਕਿਸੇ ਵੀ ਤਰੀਕੇ ਨਾਲ MIQ ਨਾਲ ਜੁੜਿਆ ਨਹੀਂ ਹੈ ਅਤੇ ਇਸ ਉੱਪਰ ਦਿੱਤੀ ਗਈ ਜਾਣਕਾਰੀ ਗਲਤ ਹੈ। ਵਿਦੇਸ਼ਾਂ ਵਿੱਚ ਬਹੁਤ ਸਾਰੇ ਕੀਵੀ ਨਿਊਜ਼ੀਲੈਂਡ ਜਾਣ ਲਈ ਬੇਤਾਬ ਹਨ ਪਰ ਐਮਆਈਕਿਯੂ ਵਿੱਚ ਸੀਮਤ ਸਥਾਨਾਂ ਦੇ ਕਾਰਨ ਅਸਮਰੱਥ ਹਨ। ਸਰਕਾਰ ਦਾ ਕਹਿਣਾ ਹੈ ਕਿ ਉਹ ਸਿਰਫ MIQ ਲਈ ਹੋਰ ਹੋਟਲ ਨਹੀਂ ਖੋਲ੍ਹ ਸਕਦੀ ਕਿਉਂਕਿ ਉਨ੍ਹਾਂ ਨੂੰ ਸਟਾਫ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਕੁੱਝ ਮਾਪਦੰਡ ਪੂਰੇ ਕਰਨੇ ਪੈਂਦੇ ਹਨ।