ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਮੈਸੇਂਜਰ ਦੀਆਂ ਸੇਵਾਵਾਂ ਕਈ ਘੰਟਿਆਂ ਲਈ ਪ੍ਰਭਾਵਿਤ ਹੋਈਆਂ ਹਨ। ਮੈਸੇਜਿੰਗ ਐਪਸ ਨੇ ਨਾ ਸਿਰਫ ਭਾਰਤ ਵਿੱਚ ਬਲਕਿ ਵਿਸ਼ਵ ਭਰ ਵਿੱਚ ਕਈ ਘੰਟਿਆਂ ਲਈ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਾਲਾਂਕਿ, ਕੰਪਨੀ ਨੇ ਤੁਰੰਤ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਨੂੰ ਠੀਕ ਕਰਨ ਵਿੱਚ ਲੱਗੀ ਹੋਈ ਹੈ ਅਤੇ ਇਸਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ। ਤਿੰਨ ਮੁੱਖ ਐਪਸ ਨੇ ਮੰਗਲਵਾਰ ਸਵੇਰੇ ਕਰੀਬ 4 ਵਜੇ ਭਾਰਤ ਵਿੱਚ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਤੱਕ ਐਪਸ ਬੰਦ ਸਨ, ਉਪਭੋਗਤਾ ਬਹੁਤ ਪਰੇਸ਼ਾਨ ਸਨ। ਭਾਰਤ ਵਿੱਚ ਇਨ੍ਹਾਂ ਐਪਸ ਨੇ ਬੀਤੀ ਰਾਤ ਕਰੀਬ ਨੌਂ ਵਜੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿੱਥੇ ਲੋਕ ਵਟਸਐਪ ‘ਤੇ ਸੰਦੇਸ਼ ਭੇਜਣ ਤੋਂ ਅਸਮਰੱਥ ਸਨ, ਉੱਥੇ ਇੰਸਟਾਗ੍ਰਾਮ ‘ਤੇ ਕੋਈ ਨਵੀਆਂ ਪੋਸਟਾਂ ਦਿਖਾਈ ਨਹੀਂ ਦੇ ਰਹੀਆਂ ਸਨ। ਇਸ ਤੋਂ ਇਲਾਵਾ, ਉਪਭੋਗਤਾ ਫੇਸਬੁੱਕ ‘ਤੇ ਵੀ ਪੋਸਟ ਕਰਨ ਵਿੱਚ ਅਸਮਰੱਥ ਸਨ। ਫੇਸਬੁੱਕ ਅਤੇ ਇਸਦੇ ਸਹਿਯੋਗੀ ਐਪਸ ਦੇ ਡਾਊਨ ਹੋਣ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਹੈ।
ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਨ ਵਿੱਚ ਅਸਮਰੱਥ ਉਪਭੋਗਤਾਵਾਂ ਨੇ ਦੂਜੀਆਂ ਸਾਈਟਾਂ ਦਾ ਸਹਾਰਾ ਲਿਆ। ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ‘ਤੇ, ਉਪਭੋਗਤਾਵਾਂ ਨੂੰ ਤਿੰਨਾਂ ਐਪਸ ਦੇ ਡਾਊਨ ਹੋਣ ਬਾਰੇ ਗੱਲ ਕਰਦੇ ਵੇਖਿਆ ਗਿਆ। ਕੁੱਝ ਹੀ ਸਮੇਂ ਵਿੱਚ, ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਡਾਉਨ ਕਰਨ ਨਾਲ ਸਬੰਧਿਤ ਹੈਸ਼ਟੈਗਸ ਟਵਿੱਟਰ ‘ਤੇ ਟ੍ਰੈਂਡ ਕਰਨ ਲੱਗੇ ਅਤੇ ਉਪਭੋਗਤਾ ਇਸ ‘ਤੇ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਵੇਖੇ ਗਏ। ਹਾਲਾਂਕਿ, ਇਸ ਦੌਰਾਨ ਕੁੱਝ ਉਪਭੋਗਤਾ ਮੌਜ -ਮਸਤੀ ਕਰਨਾ ਨਹੀਂ ਭੁੱਲੇ ਅਤੇ ਮੀਮਸ ਨੂੰ ਜ਼ਬਰਦਸਤ ਤਰੀਕੇ ਨਾਲ ਸਾਂਝਾ ਕੀਤਾ।
ਫੇਸਬੁੱਕ ਅਤੇ ਇਸ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵੀ ਤਿੰਨੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ, ਜ਼ੁਕਰਬਰਗ ਨੇ ਇਸ ਸਮੇਂ ਦੌਰਾਨ ਲੋਕਾਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਵੀ ਜ਼ਾਹਿਰ ਕੀਤਾ। ਜ਼ੁਕਰਬਰਗ ਨੇ ਕਿਹਾ, “ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਅਤੇ ਮੈਸੇਂਜਰ ਵਾਪਿਸ ਆਨਲਾਈਨ ਹੋ ਗਏ ਹਨ। ਰੁਕਾਵਟ ਲਈ ਮੁਆਫ ਕਰਨਾ। ਮੈਂ ਜਾਣਦਾ ਹਾਂ ਕਿ ਜਿਨ੍ਹਾਂ ਲੋਕਾਂ ਦੀ ਤੁਸੀਂ ਪਰਵਾਹ ਕਰਦੇ ਹੋ ਉਨ੍ਹਾਂ ਨਾਲ ਜੁੜੇ ਰਹਿਣ ਲਈ ਤੁਹਾਨੂੰ ਸਾਡੀਆਂ ਸੇਵਾਵਾਂ ‘ਤੇ ਕਿੰਨਾ ਭਰੋਸਾ ਹੈ। ਫੇਸਬੁੱਕ ਦੇ ਮੁੱਖ ਟੈਕਨਾਲੌਜੀ ਅਫਸਰ ਮਾਈਕ ਸ਼੍ਰੋਏਫਰ ਨੇ ਟਵਿੱਟਰ ‘ਤੇ ਕਿਹਾ, “ਮੈਂ ਉਨ੍ਹਾਂ ਸਾਰਿਆਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ ਜੋ ਇਸ ਸਮੇਂ ਫੇਸਬੁੱਕ ਅਤੇ ਹੋਰ ਸੇਵਾਵਾਂ ਦੇ ਬੰਦ ਹੋਣ ਨਾਲ ਪ੍ਰਭਾਵਿਤ ਹੋਏ ਹਨ। ਫੇਸਬੁੱਕ ਦੀਆਂ ਸੇਵਾਵਾਂ ਵਾਪਿਸ ਆ ਗਈਆਂ ਹਨ। ”