ਜਾਪਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਭਾਸ਼ਣ ਦੌਰਾਨ ਇੱਕ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀਐਮ ਕਿਸ਼ਿਦਾ ਦੇ ਭਾਸ਼ਣ ਦੌਰਾਨ ਸਮੋਕ ਬੰਬ ਨਾਲ ਹਮਲਾ ਹੋਇਆ ਹੈ। ਇਸ ਦੌਰਾਨ ਪੀਐਮ ਕਿਸ਼ਿਦਾ ਨੂੰ ਜਲਦਬਾਜ਼ੀ ਵਿੱਚ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਧਮਾਕੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਸੀ।
ਜਾਣਕਾਰੀ ਮੁਤਾਬਿਕ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਲੋਕ ਚੀਕਣ ਲੱਗੇ ਅਤੇ ਉਹ ਇਧਰ-ਉਧਰ ਭੱਜਦੇ ਦੇਖੇ ਗਏ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਲੋਕ ਪੀਐਮ ਕਿਸ਼ਿਦਾ ਦੀਆਂ ਤਸਵੀਰਾਂ ਲੈਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਘਟਨਾ ਜਾਪਾਨ ਦੇ ਵਾਕਾਯਾਮਾ ਸ਼ਹਿਰ ਦੀ ਦੱਸੀ ਜਾ ਰਹੀ ਹੈ।