ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਹੈ। ਅਜੈ ਬੰਗਾ ਕੋਲ ਗਲੋਬਲ ਚੁਣੌਤੀਆਂ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਦੀ ਚੁਣੌਤੀ ‘ਤੇ ਕੰਮ ਕਰਨ ਦਾ ਚੰਗਾ ਤਜ਼ਰਬਾ ਹੈ। ਅਜੈ ਬੰਗਾ ਭਾਰਤ ਵਿੱਚ ਪੈਦਾ ਹੋਏ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਗਿਆ ਹੈ।
ਹੁਣ ਤੱਕ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ ‘ਤੇ ਸਨ। ਪਿਛਲੇ ਹਫਤੇ ਡੇਵਿਡ ਮਾਲਪਾਸ ਨੇ ਚੀਫ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮਈ ਦੇ ਸ਼ੁਰੂ ਵਿੱਚ ਡੇਵਿਡ ਮਾਲਪਾਸ ਦੀ ਜਗ੍ਹਾ ਇੱਕ ਨਵਾਂ ਪ੍ਰਧਾਨ ਚੁਣ ਸਕਦਾ ਹੈ। ਵਿਸ਼ਵ ਬੈਂਕ 189 ਦੇਸ਼ਾਂ ਦੀ ਅਗਵਾਈ ਕਰਦਾ ਹੈ ਜਿਨ੍ਹਾਂ ਦਾ ਟੀਚਾ ਗਰੀਬੀ ਨੂੰ ਖਤਮ ਕਰਨਾ ਹੈ।
ਅਜੇ ਬੰਗਾ ਇਸ ਸਮੇਂ ਪ੍ਰਾਈਵੇਟ ਇਕਵਿਟੀ ਫਰਮ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਹਨ। ਬੰਗਾ ਕੋਲ 30 ਸਾਲਾਂ ਤੋਂ ਵੱਧ ਦਾ ਕਾਰੋਬਾਰੀ ਤਜਰਬਾ ਹੈ। ਮਾਸਟਰਕਾਰਡ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ, ਉਹ ਲੰਬੇ ਸਮੇਂ ਤੱਕ ਇਸ ਦੇ ਸੀ.ਈ.ਓ. ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕਰਾਫਟ ਫੂਡਜ਼ ਅਤੇ ਡਾਓ ਇੰਕ. ਵਿੱਚ ਕੰਮ ਕੀਤਾ ਹੈ।
ਬਾਈਡੇਨ ਨੇ ਕਿਹਾ ਕਿ ਅਜੈ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸਫਲ, ਗਲੋਬਲ ਕੰਪਨੀਆਂ ਬਣਾਉਣ ਅਤੇ ਪ੍ਰਬੰਧਿਤ ਕੀਤਾ ਹੈ। ਇਹ ਉਹ ਕੰਪਨੀਆਂ ਹਨ ਜੋ ਨੌਕਰੀਆਂ ਪੈਦਾ ਕਰਦੀਆਂ ਹਨ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਵਿੱਚ ਨਿਵੇਸ਼ ਲਿਆਉਂਦੀਆਂ ਹਨ…ਉਨ੍ਹਾਂ ਨੇ ਕਿਹਾ ਕਿ ਲੋਕਾਂ ਅਤੇ ਪ੍ਰਣਾਲੀਆਂ ਦਾ ਪ੍ਰਬੰਧਨ ਕਰਨ ਅਤੇ ਨਤੀਜੇ ਪ੍ਰਦਾਨ ਕਰਨ ਲਈ ਉਹਨਾਂ ਕੋਲ ਦੁਨੀਆ ਭਰ ਦੇ ਗਲੋਬਲ ਨੇਤਾਵਾਂ ਨਾਲ ਸਾਂਝੇਦਾਰੀ ਦਾ ਚੰਗਾ ਰਿਕਾਰਡ ਹੈ।