ਪੰਜਾਬ ਵਿਜੀਲੈਂਸ ਦੀ ਟੀਮ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਖਿਲਾਫ ਕਾਰਵਾਈ ਕੀਤੀ ਹੈ। ਪੰਜਾਬ ਵਿਜੀਲੈਂਸ ਵਿਭਾਗ ਨੇ ਬੁੱਧਵਾਰ ਨੂੰ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਭੇਜ ਕੇ ਤਲਬ ਕੀਤਾ ਹੈ। ਹੁਣ ਚੰਨੀ 20 ਅਪ੍ਰੈਲ ਨੂੰ ਵਿਜੀਲੈਂਸ ਦੀ ਜਾਂਚ ‘ਚ ਸ਼ਾਮਿਲ ਹੋਣਗੇ। ਪੰਜਾਬ ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਕਾਂਗਰਸੀ ਆਗੂ ਤੋਂ ਪੁੱਛਗਿੱਛ ਕਰੇਗੀ। ਵਿਜੀਲੈਂਸ ਸੂਤਰਾਂ ਅਨੁਸਾਰ ਚੰਨੀ ਦੀ ਜਾਇਦਾਦ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰ ਲਈ ਗਈ ਹੈ। ਚੰਨੀ ਦੇ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਦੀ ਮਾਲਕੀ ਵਾਲੀ ਜਾਇਦਾਦ ਦਾ ਵਿਜੀਲੈਂਸ ਕੋਲ ਮੌਜੂਦ ਰਿਕਾਰਡ ਨਾਲ ਮਿਲਾਨ ਕੀਤਾ ਜਾਵੇਗਾ।
ਸਾਬਕਾ ਮੁੱਖ ਮੰਤਰੀ ‘ਤੇ ਹੋਈ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ‘ਚ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ‘ਆਪ’ ਸਰਕਾਰ ‘ਤੇ ਬਦਲਾ ਲੈਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਇਸ ਮਾਮਲੇ ਨੂੰ ਜਲੰਧਰ ਲੋਕ ਸਭਾ ਉਪ ਚੋਣ ਨਾਲ ਵੀ ਜੋੜਿਆ ਹੈ। ਕਾਂਗਰਸ ਨੇ ਟਵੀਟ ਕੀਤਾ, ‘ਡਰਾਂਗੇ ਨਹੀਂ ਹਰਾਵਾਂਗੇ। ਇਸ ਦੇ ਨਾਲ ਹੀ ਹੈਸ਼ ਟੈਗ ਜਲੰਧਰ ਉਪ ਚੋਣ ਲਿਖਿਆ ਹੋਇਆ ਹੈ।