ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਹੈ। ਮਾਨ ਨੇ ਚੋਣ ਕਮਿਸ਼ਨ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਸਮੱਸਿਆਵਾਂ ਸੁਣੀਆਂ। ਧੂਰੀ ਦੇ ਲੋਕਾਂ ਵਿੱਚ ਮਾਨ ਨੂੰ ਮਿਲਣ ਅਤੇ ਦੇਖਣ ਲਈ ਵਿੱਚ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਦਾ ਹਰ ਪਿੰਡ ਬਦਲਾਅ ਚਾਹੁੰਦਾ ਹੈ, ਅਸੀਂ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਵਾਂਗੇ। ਲੋਕਾਂ ਨੇ ਥਾਂ-ਥਾਂ ‘ਤੇ ਮਾਨ ਦਾ ਸਵਾਗਤ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਨੇਤਾ ਆਮ ਘਰਾਂ ਤੋਂ ਨਿਕਲੇ ਹਨ। ਇਸੇ ਲਈ ਉਹ ਆਮ ਲੋਕਾਂ ਦੀ ਦੁੱਖ-ਦਰਦ ਨੂੰ ਚੰਗੀ ਤਰਾਂ ਸਮਝਦੇ ਹਨ।
ਅਸੀਂ ਪੰਜਾਬ ਨੂੰ ਅੱਗੇ ਲਿਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਾਂ ਅਤੇ ਯੋਜਨਾਵਾਂ ਬਣਾ ਰਹੇ ਹਾਂ। ਸਾਡੇ ਕੋਲ ਪੰਜਾਬ ਲਈ ਪੂਰਾ ਰੋਡਮੈਪ ਤਿਆਰ ਹੈ। ਅਸੀਂ ਪੰਜਾਬ ਦੀ ਖੇਤੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ। ਰੁਜਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ ਜਾਣ ਲਈ ਮਜਬੂਰ ਹੋ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਸਿੱਖਿਆ ਅਤੇ ਰੁਜਗਾਰ ਦੇ ਢੁਕਵੇਂ ਮੌਕੇ ਪ੍ਰਦਾਨ ਕਰਕੇ ਪੰਜਾਬ ਦੇ ਪੈਸੇ ਅਤੇ ਹੁਨਰ, ਦੋਵਾਂ ਦੇ ਨਿਕਾਸ ਨੂੰ ਰੋਕਾਂਗੇ। ਸਾਡਾ ਮਕਸਦ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰੁਜਗਾਰਦਾਤਾ ਬਣਾਉਣਾ ਵੀ ਹੈ।