ਯੂਰੋ ਕੱਪ 2020 ਵਿੱਚ ਮੰਗਲਵਾਰ ਨੂੰ ਫਿਰ ਇੱਕ ਵਾਰ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮੰਗਲਵਾਰ ਨੂੰ ਇੰਗਲੈਂਡ ਨੇ ਜਰਮਨੀ ਨੂੰ ਹਰਾ ਕੇ ਨਾ ਸਿਰਫ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਬਲਕਿ ਇੱਕ ਇਤਿਹਾਸ ਵੀ ਰਚਿਆ ਹੈ। ਦਰਅਸਲ 56 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਇੰਗਲੈਂਡ ਨੇ ਕਿਸੇ ਨਾਕ ਆਊਟ ਮੈਚ ਵਿੱਚ ਜਰਮਨੀ ਨੂੰ ਹਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇੰਗਲੈਂਡ ਨੇ ਜਰਮਨੀ ਨੂੰ 2-0 ਨਾਲ ਹਰਾ ਕੇ ਯੂਰੋ ਕੱਪ 2020 ਦੇ ਕੁਆਰਟਰ ਫਾਈਨਲ ਵਿੱਚ ਵੀ ਜਗ੍ਹਾ ਬਣਾ ਲਈ ਹੈ।
ਇਸ ਹਾਰ ਨਾਲ ਜਰਮਨੀ ਦਾ ਟੂਰਨਾਮੈਂਟ ਵਿੱਚ ਸਫ਼ਰ ਵੀ ਖ਼ਤਮ ਹੋ ਗਿਆ ਹੈ। 1966 ਤੋਂ ਬਾਅਦ Wembley Stadium ਵਿਖੇ ਜਰਮਨੀ ਖ਼ਿਲਾਫ਼ ਨਾਕ ਆਊਟ ਮੈਚ ਵਿੱਚ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ। ਕੁਆਰਟਰ ਫਾਈਨਲ ਵਿੱਚ ਇੰਗਲੈਂਡ ਦਾ ਸਾਹਮਣਾ ਯੂਕ੍ਰੇਨ ਨਾਲ ਹੋਵੇਗਾ। ਹਾਲਾਂਕਿ, ਸ਼ੁਰੂਆਤ ਵਿੱਚ ਦੋਵਾਂ ਟੀਮਾਂ ਦਰਮਿਆਨ ਜ਼ਬਰਦਸਤ ਮੁਕਾਬਲਾ ਹੋਇਆ ਸੀ।
ਪਹਿਲੇ ਅੱਧ ਵਿੱਚ ਜਰਮਨੀ ਨੇ ਕੁੱਝ ਸਕੋਰ ਕਰਨ ਦੇ ਮੌਕੇ ਬਣਾਏ ਸਨ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ। ਰਹੀਮ ਸਟਰਲਿੰਗ ਅਤੇ ਹੈਰੀ ਕੇਨ ਨੇ ਜਰਮਨੀ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਰਹੀਮ ਨੇ 75 ਵੇਂ ਮਿੰਟ ਵਿੱਚ ਗੋਲ ਕੀਤਾ ਜਦਕਿ ਕੇਨ ਨੇ 86 ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ।