ਵਿਸ਼ਵ ਦੀ ਨੰਬਰ ਇੱਕ ਫੁੱਟਬਾਲ ਟੀਮ ਬੈਲਜੀਅਮ ਨੇ ਮੌਜੂਦਾ ਚੈਂਪੀਅਨ ਪੁਰਤਗਾਲ ਨੂੰ 1-0 ਨਾਲ ਹਰਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਯੂਰਪੀਅਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਮੈਚ ਵਿੱਚ ਸਿਰਫ ਇੱਕ ਗੋਲ ਹੋਇਆ ਸੀ। ਰੈੱਡ ਆਰਮੀ ਬੈਲਜੀਅਮ ਲਈ, ਥੋਰਗਨ ਹੈਜ਼ਰਡ ਨੇ ਮੈਚ ਦੇ 42 ਵੇਂ ਮਿੰਟ ਵਿੱਚ ਗੋਲ ਕੀਤਾ ਸੀ। ਜੋ ਫੈਸਲਾਕੁਨ ਸਾਬਿਤ ਹੋਇਆ। ਬੈਲਜੀਅਮ ਦਾ ਮੁਕਾਬਲਾ ਹੁਣ ਕੁਆਰਟਰ ਫਾਈਨਲ ਵਿੱਚ ਇਟਲੀ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਸ਼ੁੱਕਰਵਾਰ ਨੂੰ Munich ਵਿੱਚ ਖੇਡਿਆ ਜਾਵੇਗਾ।
ਇਸ ਹਾਰ ਤੋਂ ਬਾਅਦ ਪੁਰਤਗਾਲ ਦਾ ਲਗਾਤਾਰ ਦੂਜੀ ਵਾਰ ਯੂਰੋ ਕੱਪ ਖਿਤਾਬ ਜਿੱਤਣ ਦਾ ਸੁਪਨਾ ਚੂਰ-ਚੂਰ ਹੋ ਗਿਆ ਹੈ। ਜਦਕਿ ਬੈਲਜੀਅਮ ਦੀ ਟੀਮ ਨੇ ਖਿਤਾਬ ਜਿੱਤਣ ਲਈ ਇੱਕ ਹੋਰ ਕਦਮ ਪੁੱਟਿਆ ਹੈ। ਬੈਲਜੀਅਮ ਲੱਗਭਗ 41 ਸਾਲਾਂ ਤੋਂ ਯੂਰੋ ਕੱਪ ਫਾਈਨਲ ਵਿੱਚ ਨਹੀਂ ਪਹੁੰਚਿਆ ਹੈ। 1980 ਵਿੱਚ ਰੈੱਡ ਆਰਮੀ ਬੈਲਜੀਅਮ ਫਾਈਨਲ ਵਿੱਚ ਪਹੁੰਚੀ ਪਰ ਉਸ ਨੂੰ ਖ਼ਿਤਾਬੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।