ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਮੈਚ ‘ਚ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਬ੍ਰਿਸਬੇਨ ‘ਚ ਖੇਡੇ ਗਏ ਮੈਚ ‘ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 180 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 159 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਜੋਸ ਬਟਲਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਬਟਲਰ ਨੇ 47 ਗੇਂਦਾਂ ‘ਤੇ 73 ਦੌੜਾਂ ਬਣਾਈਆਂ। ਟੀਮ ਲਈ ਸੈਮ ਕੁਰਨ ਨੇ 2 ਵਿਕਟਾਂ ਲਈਆਂ। ਨਿਊਜ਼ੀਲੈਂਡ ਲਈ ਗਲੇਨ ਫਿਲਿਪਸ ਨੇ 62 ਦੌੜਾਂ ਦੀ ਪਾਰੀ ਖੇਡੀ।
ਇੰਗਲੈਂਡ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਮਹਿਜ਼ 3 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਫਿਨ ਐਲਨ ਵੀ 16 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕੇਨ ਵਿਲੀਅਮਸਨ ਨੇ ਗਲੇਨ ਫਿਲਿਪਸ ਦੇ ਨਾਲ ਅਹਿਮ ਸਾਂਝੇਦਾਰੀ ਨਿਭਾਈ। ਵਿਲੀਅਮਸਨ 40 ਗੇਂਦਾਂ ‘ਤੇ 40 ਦੌੜਾਂ ਬਣਾ ਕੇ ਆਊਟ ਹੋਇਆ। ਜੇਮਸ ਨੀਸ਼ਮ ਵੀ ਕੁੱਝ ਖਾਸ ਨਹੀਂ ਕਰ ਸਕਿਆ। ਮਿਸ਼ੇਲ ਸੈਂਟਨਰ 16 ਦੌੜਾਂ ਬਣਾ ਕੇ ਅਜੇਤੂ ਰਿਹਾ। ਈਸ਼ ਸੋਢੀ 6 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਹੀ ਬਣਾ ਸਕੀ।