ਟੀ-20 ਵਿਸ਼ਵ ਕੱਪ 2022 ‘ਚ ਗਰੁੱਪ-1 ਦਾ ਫੈਸਲਾ ਹੋ ਗਿਆ ਹੈ, ਸ਼ਨੀਵਾਰ ਨੂੰ ਖੇਡੇ ਗਏ ਮੈਚ ‘ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਨਾਲ ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਗਰੁੱਪ 1 ਤੋਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਵੀਰਵਾਰ ਨੂੰ ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਸੀ।
ਇਸ ਮੈਚ ‘ਚ ਸ਼੍ਰੀਲੰਕਾ ਨੇ ਇੰਗਲੈਂਡ ਨੂੰ 142 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ‘ਤੇ ਸਟਾਰ ਖਿਡਾਰੀ ਬੇਨ ਸਟੋਕਸ ਦੀਆਂ 42 ਦੌੜਾਂ ਦੀ ਮੈਚ ਜੇਤੂ ਪਾਰੀ ਦੇ ਆਧਾਰ ‘ਤੇ ਇੰਗਲੈਂਡ ਨੇ ਆਖਰੀ ਓਵਰਾਂ ‘ਚ ਜਿੱਤ ਦਰਜ ਕੀਤੀ। ਇੰਗਲੈਂਡ ਨੂੰ ਪਾਰੀ ਦੇ ਵਿਚਕਾਰ ਲਗਾਤਾਰ ਝਟਕੇ ਲੱਗ ਰਹੇ ਸਨ, ਫਿਰ ਅਜਿਹਾ ਲੱਗ ਰਿਹਾ ਸੀ ਕਿ ਮੈਚ ਫਸ ਗਿਆ ਹੈ ਅਤੇ ਸ਼੍ਰੀਲੰਕਾ ਇਸ ਮੈਚ ਵਿੱਚ ਜਿੱਤ ਸਕਦਾ ਹੈ ਪਰ ਬੇਨ ਸਟੋਕਸ ਨੇ ਇੱਕ ਸਿਰਾ ਸੰਭਾਲਿਆ ਅਤੇ ਅੰਤ ਵਿੱਚ ਆਪਣੀ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਾ ਦਿੱਤਾ।