ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਭਾਰਤ ਦੇ ਦੌਰੇ ‘ਤੇ ਹੈ, ਜਿੱਥੇ ਉਸ ਨੇ 3 ਮੈਚਾਂ ਦੀ ਟੀ-20 ਸੀਰੀਜ਼ ਅਤੇ ਇਕ ਟੈਸਟ ਮੈਚ ਦੀ ਸੀਰੀਜ਼ ਖੇਡਣੀ ਹੈ। ਦੋਵਾਂ ਟੀਮਾਂ ਵਿਚਾਲੇ ਟੀ-20 ਸੀਰੀਜ਼ ਪਹਿਲਾ ਖੇਡੀ ਜਾ ਰਹੀ ਹੈ, ਜਿਸ ਦੇ ਪਹਿਲੇ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 38 ਦੌੜਾਂ ਨਾਲ ਹਰਾਇਆ ਸੀ ਅਤੇ ਹੁਣ ਦੂਜੇ ਮੈਚ ‘ਚ ਵੀ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਇੰਗਲੈਂਡ ਦੀ ਟੀਮ ਨੇ ਅਜੇਤੂ ਬੜ੍ਹਤ ਹਾਸਿਲ ਕਰ ਲਈ ਹੈ।
ਇੰਗਲੈਂਡ ਦੀਆਂ ਮਹਿਲਾ ਬੱਲੇਬਾਜ਼ਾਂ ਨੇ ਭਾਰਤੀ ਟੀਮ ਵੱਲੋਂ ਦਿੱਤੇ 81 ਦੌੜਾਂ ਦੇ ਟੀਚੇ ਨੂੰ 11.2 ਓਵਰਾਂ ਵਿੱਚ ਹਾਸਿਲ ਕਰਕੇ ਮੈਚ ਜਿੱਤ ਲਿਆ। ਹਾਲਾਂਕਿ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੂੰ 6 ਵਿਕਟਾਂ ਗੁਆਉਣੀਆਂ ਪਈਆਂ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ ਇਹ ਟੀ-20 ਸੀਰੀਜ਼ ਵੀ ਜਿੱਤ ਲਈ ਹੈ। ਸੀਰੀਜ਼ ਦੇ ਇਸ ਦੂਜੇ ਟੀ-20 ਮੈਚ ‘ਚ ਇੰਗਲੈਂਡ ਲਈ ਐਲਿਸ ਕੈਪਸੀ ਨੇ ਸਭ ਤੋਂ ਵੱਧ 25 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਨੇਟ ਸੀਵਰ ਬਰੰਟ ਨੇ ਵੀ 13 ਗੇਂਦਾਂ ‘ਤੇ 16 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਦੀ ਕੋਈ ਵੀ ਬੱਲੇਬਾਜ਼ 10 ਦੌੜਾਂ ਵੀ ਨਹੀਂ ਬਣਾ ਸਕੀ। ਇੰਗਲੈਂਡ ਦੇ ਦੋ ਬੱਲੇਬਾਜ਼ ਡੈਨੀ ਵਿਅਟ ਅਤੇ ਫ੍ਰੇਆ ਕੈਂਪ 0 ਦੇ ਸਕੋਰ ‘ਤੇ ਆਊਟ ਹੋ ਗਏ।