ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਲੈ ਕੇ ਭਾਰਤ ਆਉਣ ਵਾਲਾ ਪਾਕਿਸਤਾਨ ਨਾ ਸਿਰਫ਼ ਬੁਰੀ ਤਰ੍ਹਾਂ ਫੇਲ ਹੋਇਆ ਸਗੋਂ ਆਪਣੀ ਇੱਜ਼ਤ ਵੀ ਨਹੀਂ ਬਚਾ ਸਕਿਆ। ਕੋਲਕਾਤਾ ‘ਚ ਲੀਗ ਗੇੜ ਦੇ ਆਪਣੇ ਆਖਰੀ ਮੈਚ ‘ਚ ਚਮਤਕਾਰ ਦੇ ਨਾਲ ਸੈਮੀਫਾਈਨਲ ‘ਚ ਪਹੁੰਚਣ ਦੀ ਉਮੀਦ ਨਾਲ ਆਈ ਪਾਕਿਸਤਾਨ ਨੂੰ ਜਿੱਤ ਵੀ ਨਹੀਂ ਮਿਲੀ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਪਾਕਿਸਤਾਨ ਨੂੰ 93 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਚੈਂਪੀਅਨਸ ਟਰਾਫੀ 2025 ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਤਰ੍ਹਾਂ ਸਾਬਕਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ ਯਕੀਨੀ ਤੌਰ ‘ਤੇ ਆਪਣੀ ਮੁਹਿੰਮ ਦਾ ਅੰਤ ਬਿਹਤਰ ਢੰਗ ਨਾਲ ਕੀਤਾ।
ਪਾਕਿਸਤਾਨ ਦਾ ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਸਫਾਇਆ ਹੋ ਚੁੱਕਾ ਸੀ। ਸਿਰਫ ਉਮੀਦ ਸੀ ਕਿ ਉਹ ਇੰਗਲੈਂਡ ਖਿਲਾਫ ਵੱਡੇ ਫਰਕ ਨਾਲ ਜਿੱਤ ਕੇ ਕੁੱਝ ਕਮਾਲ ਕਰ ਸਕਦਾ ਹੈ। ਇਹ ਉਮੀਦਾਂ ਵੀ ਦੁਪਹਿਰ 1.30 ਵਜੇ ਟਾਸ ਦੌਰਾਨ ਉਸ ਸਮੇਂ ਟੁੱਟ ਗਈਆਂ, ਜਦੋਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਲਈ ਸਿਰਫ਼ ਇੱਕ ਹੀ ਗੋਲ ਬਚਿਆ ਸੀ – ਜਿੱਤ ਦੇ ਨਾਲ ਸਨਮਾਨਜਨਕ ਵਿਦਾਈ। ਪਰ ਅਜਿਹਾ ਵੀ ਨਹੀਂ ਹੋਇਆ।