ਪੰਜਾਬ ਦੇ ਸ਼ੰਭੂ ਬੈਰੀਅਰ ‘ਤੇ ਮੋਹਾਲੀ ਦੇ ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ ਮਗਰੋਂ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਗੌਰਵ ਉਰਫ ਘੋਰੀ ਅਤੇ ਤਰੁਣ ਕੁਮਾਰ ਵਜੋਂ ਹੋਈ ਹੈ। ਦੋਵੇਂ ਭੂਪੀ ਰਾਣਾ ਗੈਂਗ ਦੇ ਮੈਂਬਰ ਹਨ। ਪਿਛਲੇ ਦਿਨੀਂ ਇੰਨ੍ਹਾਂ ਮੁਲਜ਼ਮਾਂ ਨੇ ਤਲਵਾਰ ਨਾਲ ਇੱਕ ਨੌਜਵਾਨ ਦੀਆਂ ਚਾਰ ਉਂਗਲਾਂ ਵੱਢ ਦਿੱਤੀਆਂ ਸਨ। ਇੰਨਾ ਹੀ ਨਹੀਂ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ।
ਮੁਕਾਬਲੇ ਦੌਰਾਨ ਗੈਂਗਸਟਰ ਗੌਰੀ ਦੀ ਲੱਤ ਵਿੱਚ ਗੋਲੀ ਲੱਗੀ ਸੀ। ਪੁਲਿਸ ਨੇ ਡੀਐਸਪੀ (ਡੀ) ਮੁਹਾਲੀ ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੋਹਾਲੀ ਦੇ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ‘ਚ ਸ਼ਰਾਰਤੀ ਅਨਸਰਾਂ ਨੇ ਇੱਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਸਨ। ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਰਾਜੂ ਵਾਸੀ ਮੋਹਾਲੀ ਵਜੋਂ ਹੋਈ ਹੈ। ਤਿੰਨ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਹੋ ਗਈ ਸੀ, ਜਿਨ੍ਹਾਂ ਨੂੰ ਅੱਜ ਪੁਲਿਸ ਨੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ।