ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਯੂਕਰੇਨ ਦੀ ਸੁਰੱਖਿਆ ਪ੍ਰੀਸ਼ਦ ਨੇ ਰੂਸੀ ਹਮਲੇ ਦੇ ਵਧਦੇ ਖ਼ਤਰੇ ਦੇ ਜਵਾਬ ਵਿੱਚ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਉੱਚ ਸੁਰੱਖਿਆ ਅਧਿਕਾਰੀ ਨੇ ਕਿਹਾ ਸੀ ਕਿ ਯੂਕਰੇਨ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਨੂੰ ਛੱਡ ਕੇ ਸਾਰੇ ਯੂਕਰੇਨੀ ਖੇਤਰਾਂ ਵਿੱਚ ਐਮਰਜੈਂਸੀ ਲਾਗੂ ਕਰੇਗਾ। ਯੂਕਰੇਨ ਦੇ ਉੱਚ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਸਥਿਤੀ 30 ਦਿਨਾਂ ਤੱਕ ਰਹੇਗੀ ਅਤੇ ਇਸ ਨੂੰ ਹੋਰ 30 ਦਿਨਾਂ ਲਈ ਵਧਾਇਆ ਜਾ ਸਕਦਾ ਹੈ।
ਸੋਮਵਾਰ ਨੂੰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਵਿੱਚ ਦੋ ਰੂਸੀ ਸਮਰਥਿਤ ਵੱਖਵਾਦੀ ਖੇਤਰਾਂ – ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕ – ਨੂੰ ਇੱਕ “ਆਜ਼ਾਦ” ਦੇਸ਼ ਵਜੋਂ ਮਾਨਤਾ ਦਿੱਤੀ ਹੈ। ਪੁਤਿਨ ਨੇ ਸੋਮਵਾਰ ਰਾਤ ਨੂੰ ਟੈਲੀਵਿਜ਼ਨ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਪੁਤਿਨ ਨੇ ਕਿਹਾ ਕਿ ਰੂਸੀ ਬਲ ਪੂਰਬੀ ਯੂਰਪ ਵਿੱਚ ਦਾਖਲ ਹੋਣਗੇ ਅਤੇ ਵੱਖਵਾਦੀ ਖੇਤਰਾਂ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਕੰਮ ਕਰਨਗੇ। ਰਾਸ਼ਟਰਪਤੀ ਦੇ ਹੁਕਮ ਅਨੁਸਾਰ ਰੂਸੀ ਬਲ ਲੁਹਾਨਸਕ ਅਤੇ ਡੋਨੇਟਸਕ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਕੰਮ ਕਰਨਗੇ। ਪੁਤਿਨ ਦੇ ਇਸ ਫੈਸਲੇ ਤੋਂ ਬਾਅਦ ਰੂਸ-ਯੂਕਰੇਨ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ।