ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਫਿਲਹਾਲ ਉਹ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਟ੍ਰੇਲਰ ਆਇਆ ਹੈ। ਦਰਅਸਲ, ਅਦਾਕਾਰਾ ਨੇ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਤਸਵੀਰ ਵਿੱਚ ਐਮਰਜੈਂਸੀ ਦੇ ਕਾਲੇ ਦੌਰ ਦੀ ਕਹਾਣੀ ਦਿਖਾਈ ਜਾਵੇਗੀ। ਇੱਥੇ ਫਿਲਮ ਦਾ ਟ੍ਰੇਲਰ ਆਇਆ ਤਾਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਫਿਲਮ ਦੇ ਕੁੱਝ ਹਿੱਸੇ ਦਾ ਵਿਰੋਧ ਕੀਤਾ ਹੈ। ਪੰਜਾਬ ਵਿੱਚ ਇਸ ਫਿਲਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।
ਪਿਛਲੇ ਦਿਨੀਂ ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਸੀ। ਨਾਲ ਹੀ ਕੰਗਨਾ ਰਣੌਤ ਨੂੰ ਸਿੱਖ ਵਿਰੋਧੀ ਵੀ ਕਿਹਾ ਗਿਆ ਸੀ। ਐਸਜੀਪੀਸੀ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨਾਲ ਹੀ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ‘ਤੇ ਵੀ ਦੋਸ਼ ਲਗਾਏ ਹਨ। ਇਸ ਦੌਰਾਨ ਫਿਲਮ ਨੂੰ ਬੈਨ ਕਰਨ ਦੀ ਗੱਲ ਵੀ ਕਹੀ ਗਈ ਹੈ।
ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਤੋਂ ਮੰਗ ਕੀਤੀ ਗਈ ਹੈ ਕਿ ਫਿਲਮ ਦੀ ਸਕ੍ਰਿਪਟ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਵੇ। ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਅੱਗੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦ੍ਰਿਸ਼ਾਂ ‘ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਫਿਲਮ ‘ਚੋਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਹੋਣ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਨੂੰ ਲੈ ਕੇ ਜ਼ੀ ਸਟੂਡੀਓ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।