ਅਰਬਪਤੀ ਐਲੋਨ ਮਸਕ ਨੇ ਟਵੀਟ ਕਰਕੇ ਕਿਹਾ ਹੈ ਕਿ ਟਵਿੱਟਰ ਡੀਲ ਫਿਲਹਾਲ ਅਸਥਾਈ ਤੌਰ ‘ਤੇ ਹੋਲਡ ‘ਤੇ ਹੈ। ਇਸ ਦੇ ਪਿੱਛੇ ਉਨ੍ਹਾਂ ਨੇ ਸਪੈਮ ਅਤੇ ਫਰਜ਼ੀ ਖਾਤਿਆਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਸਪੈਮ ਅਤੇ ਜਾਅਲੀ ਖਾਤਿਆਂ ਦੇ ਵੇਰਵੇ ਸੌਦੇ ਨੂੰ ਜਾਰੀ ਰੱਖਣ ਲਈ ਕਿੰਨਾ ਵੱਡਾ ਜੋਖਮ ਪੈਦਾ ਕਰ ਸਕਦੇ ਹਨ। ਮਸਕ ਨੇ ਕੁੱਝ ਸਮੇਂ ਬਾਅਦ ਇੱਕ ਹੋਰ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਅਜੇ ਵੀ ਟਵਿੱਟਰ ਦੀ ਪ੍ਰਾਪਤੀ ਲਈ ਵਚਨਬੱਧ ਹੈ। ਟੇਸਲਾ ਦੇ ਮਾਲਕ ਐਲੋਨ ਮਸਕ ਦੁਆਰਾ ਇਸ ਘੋਸ਼ਣਾ ਤੋਂ ਪਹਿਲਾਂ, ਟਵਿੱਟਰ ਨੇ ਵੀਰਵਾਰ ਨੂੰ ਆਪਣੇ ਦੋ ਚੋਟੀ ਦੇ ਮੈਨੇਜਰਾਂ ਨੂੰ ਬਰਖਾਸਤ ਕਰ ਦਿੱਤਾ।
ਕੇਵੋਨ ਬੇਕਪੌਰ, ਜੋ ਟਵਿੱਟਰ ‘ਤੇ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਹਨ, ਨੇ ਟਵੀਟ ਕੀਤਾ ਕਿ ਸੀਈਓ ਪਰਾਗ ਅਗਰਵਾਲ ਨੇ “ਮੈਨੂੰ ਦੱਸਿਆ ਕਿ ਉਹ ਟੀਮ ਨੂੰ ਇੱਕ ਵੱਖਰੀ ਦਿਸ਼ਾ ਵਿੱਚ ਲੈ ਜਾਣਾ ਚਾਹੁੰਦੇ ਹਨ। ਇਸ ਤੋਂ ਬਾਅਦ ਮੈਨੂੰ ਅਸਤੀਫਾ ਦੇਣ ਲਈ ਕਿਹਾ।” ਜਦਕਿ ਟਵਿਟਰ ਦੇ ਰੈਵੇਨਿਊ ਅਤੇ ਉਤਪਾਦ ਦੇ ਮੁਖੀ ਬਰੂਸ ਫਾਲਕ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਸਕ ਨੇ ਹਾਲ ਹੀ ਵਿੱਚ ਲਗਭਗ 44 ਬਿਲੀਅਨ ਡਾਲਰ ਵਿੱਚ ਟਵਿੱਟਰ ਦੀ ਪ੍ਰਾਪਤੀ ਦਾ ਐਲਾਨ ਕੀਤਾ ਸੀ। ਮਸਕ ਟਵਿੱਟਰ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਉਸ ਨੇ ਐਕਵਾਇਰ ਲਈ ਫੰਡ ਜੁਟਾਉਣੇ ਵੀ ਸ਼ੁਰੂ ਕਰ ਦਿੱਤੇ ਸਨ।