ਟਵਿਟਰ ‘ਚ ਇੱਕ ਹੋਰ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਵਾਰ ਐਲੋਨ ਮਸਕ ਨੇ ਟਵਿਟਰ ਦਾ ਲੋਗੋ ਹੀ ਬਦਲ ਦਿੱਤਾ ਹੈ। ਯਾਨੀ ਹੁਣ ਟਵਿਟਰ ਤੋਂ ਨੀਲੀ ਚਿੜੀ ਗਾਇਬ ਹੋ ਗਈ ਹੈ। ਇਸ ਬਦਲਾਅ ਤੋਂ ਬਾਅਦ ਯੂਜ਼ਰਸ ਕਾਫੀ ਹੈਰਾਨ ਹਨ। ਕਿਉਂਕਿ, ਟਵਿਟਰ ਨੇ ‘ਡੌਗੀ’ ਨੂੰ ਆਪਣਾ ਨਵਾਂ ਲੋਗੋ ਬਣਾਇਆ ਹੈ। ਟਵਿਟਰ ਦੇ ਮਾਲਕ ਐਲੋਨ ਮਸਕ ਨੇ ਵੀ ਇਸ ਸਬੰਧੀ ਇੱਕ ਟਵੀਟ ਕੀਤਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਡੌਗੀ ਟਵਿਟਰ ਦਾ ਨਵਾਂ ਲੋਗੋ ਹੋਵੇਗਾ। ਦਰਅਸਲ ਸੋਮਵਾਰ ਰਾਤ ਤੋਂ ਹੀ ਯੂਜ਼ਰਸ ਨੇ ਆਪਣੇ ਟਵਿਟਰ ਅਕਾਊਂਟ ‘ਤੇ ਨੀਲੀ ਚਿੜੀ ਦੀ ਬਜਾਏ ਡੌਗ ਦੇਖਣਾ ਸ਼ੁਰੂ ਕਰ ਦਿੱਤਾ ਸੀ। ਇਸ ਲੋਗੋ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ। ਉਹ ਇਕ ਦੂਜੇ ਨੂੰ ਸਵਾਲ ਪੁੱਛਣ ਲੱਗੇ ਕਿ ਕੀ ਹਰ ਕੋਈ ਟਵਿੱਟਰ ਲੋਗੋ ‘ਤੇ ਡੌਗ ਦੇਖ ਰਿਹਾ ਸੀ। ਕੁਝ ਹੀ ਸਮੇਂ ਦੇ ਅੰਦਰ, #DOGE ਟਵਿੱਟਰ ‘ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਸੋਚਿਆ ਕਿ ਕਿਸੇ ਨੇ ਟਵਿਟਰ ਨੂੰ ਹੈਕ ਕਰ ਲਿਆ ਹੈ। ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਐਲੋਨ ਮਸਕ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਟਵਿੱਟਰ ਨੇ ਆਪਣਾ ਲੋਗੋ ਬਦਲ ਦਿੱਤਾ ਹੈ।
ਐਲੋਨ ਮਸਕ ਨੇ ਮੰਗਲਵਾਰ ਰਾਤ ਕਰੀਬ 12:20 ਵਜੇ ਇੱਕ ਫੋਟੋ ਟਵੀਟ ਕੀਤੀ। ਜਿਸ ਵਿਚ ਇੱਕ ਕਾਰ ਦੀ ਡਰਾਈਵਿੰਗ ਸੀਟ ‘ਤੇ ਇੱਕ ਡੋਗ ਬੈਠਾ ਹੈ ਅਤੇ ਉਹ ਟ੍ਰੈਫਿਕ ਪੁਲਿਸ ਨੂੰ ਆਪਣਾ ਲਾਇਸੈਂਸ ਦਿਖਾ ਰਿਹਾ ਹੈ। ਇਸ ਲਾਇਸੈਂਸ ਵਿੱਚ ਇੱਕ ਨੀਲੀ ਚਿੜੀ (ਪੁਰਾਣਾ ਟਵਿੱਟਰ ਲੋਗੋ) ਦੀ ਫੋਟੋ ਹੈ। ਜਿਸ ਤੋਂ ਬਾਅਦ ਡੌਗੀ ਟ੍ਰੈਫਿਕ ਪੁਲਿਸ ਨੂੰ ਕਹਿ ਰਿਹਾ ਹੈ, ”ਇਹ ਪੁਰਾਣੀ ਫੋਟੋ ਹੈ”। ਮਸਕ ਦੇ ਇਸ ਟਵੀਟ ਤੋਂ ਬਾਅਦ ਟਵਿਟਰ ‘ਤੇ ਲਗਾਈਆਂ ਜਾ ਰਹੀਆਂ ਵੱਖ-ਵੱਖ ਅਟਕਲਾਂ ‘ਤੇ ਪਾਣੀ ਫਿਰ ਗਿਆ ਅਤੇ ਇਹ ਸਪੱਸ਼ਟ ਹੋ ਗਿਆ ਕਿ ਐਲੋਨ ਮਸਕ ਨੇ ਲੋਗੋ ਬਦਲ ਦਿੱਤਾ ਹੈ।