ਚੋਣ ਕਮਿਸ਼ਨ ਸ਼ਨੀਵਾਰ ਨੂੰ 3.30 ਵਜੇ 5 ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇਹ ਜਾਣਕਾਰੀ ਮਿਲ ਸਕੇਗੀ ਕਿ ਕਿਹੜੇ ਸੂਬੇ ਵਿੱਚ ਕਿੰਨੇ ਗੇੜਾਂ ਵਿੱਚ ਅਤੇ ਕਿਹੜੀਆਂ ਤਰੀਕਾਂ ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਨਾਲ ਹੀ ਨਾਮਾਂਕਣ ਦੀਆਂ ਤਰੀਕਾਂ, ਪੜਤਾਲ, ਨਤੀਜੇ ਆਦਿ ਬਾਰੇ ਵੀ ਜਾਣਕਾਰੀ ਮਿਲੇਗੀ। ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਪੰਜਾਬ ਅਤੇ ਗੋਆ ਵਿੱਚ ਅਗਲੇ ਕੁੱਝ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੇਸ਼ ਦੇ ਪੰਜ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਫਰਵਰੀ-ਮਾਰਚ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉੱਤਰ ਪ੍ਰਦੇਸ਼ ਵਿੱਚ 403 ਵਿਧਾਨ ਸਭਾ ਸੀਟਾਂ ਹਨ ਜਦਕਿ ਉੱਤਰਾਖੰਡ ਵਿੱਚ 70 ਸੀਟਾਂ ਹਨ। ਇਸ ਤੋਂ ਇਲਾਵਾ ਪੰਜਾਬ ਦੀਆਂ 117, ਮਨੀਪੁਰ ਦੀਆਂ 60 ਅਤੇ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ।
ਪੰਜਾਬ ਵਿਧਾਨ ਸਭਾ ਦਾ ਕਾਰਜਕਾਲ 27 ਮਾਰਚ 2022 ਨੂੰ ਖਤਮ ਹੋ ਰਿਹਾ ਹੈ। 117 ਸੀਟਾਂ ਵਾਲੇ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਕਾਂਗਰਸ 77 ਸੀਟਾਂ ਜਿੱਤ ਕੇ 10 ਸਾਲਾਂ ਬਾਅਦ ਸੱਤਾ ਵਿੱਚ ਵਾਪਿਸ ਆਈ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਿਰਫ 18 ਸੀਟਾਂ ਤੱਕ ਸਿਮਟ ਗਿਆ ਸੀ। ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣੀ ਸੀ। ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ 59 ਸੀਟਾਂ ਦਾ ਅੰਕੜਾ ਹਾਸਿਲ ਕਰਨਾ ਪਏਗਾ।