ਵਿਧਾਨ ਸਭਾ ਚੋਣਾਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਚੋਣ ਕਮਿਸ਼ਨ ਨੇ ਰੈਲੀਆਂ ਅਤੇ ਜਨਤਕ ਮੀਟਿੰਗਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਪਰ ਚੋਣ ਪ੍ਰੋਗਰਾਮਾਂ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵੀ ਲੱਗ ਰਹੇ ਹਨ। ਹੁਣ ਸੋਮਵਾਰ ਨੂੰ ਚੋਣ ਕਮਿਸ਼ਨ ਨੇ ਪੰਜਾਬ ਚੋਣਾਂ ਦੇ ਪ੍ਰਚਾਰ ਲਈ ਆਮ ਆਦਮੀ ਪਾਰਟੀ ਨੂੰ ਨੋਟਿਸ ਭੇਜਿਆ ਹੈ। ਆਮ ਆਦਮੀ ਪਾਰਟੀ ਦੇ ਸੀਐਮ ਫੇਸ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਸੰਗਰੂਰ ਅਤੇ ਧੂਰੀ ਵਿੱਚ ਰੋਡ ਸ਼ੋਅ ਕੱਢਿਆ ਸੀ। ਹਾਲਾਂਕਿ ਰੋਡ ਸ਼ੋਅ ‘ਤੇ ਪਾਬੰਦੀ ਹੈ, ਇਸ ਲਈ ਰਿਟਰਨਿੰਗ ਅਫਸਰਾਂ ਨੇ ਆਮ ਆਦਮੀ ਪਾਰਟੀ ਨੂੰ 24 ਘੰਟਿਆਂ ਦੇ ਅੰਦਰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।
ਭਗਵੰਤ ਮਾਨ ਬੀਤੇ ਦਿਨ ਸਵੇਰੇ ਸੰਗਰੂਰ ਪੁੱਜੇ ਸੀ। ਜਿਸ ਤੋਂ ਬਾਅਦ ਕਈ ਥਾਵਾਂ ‘ਤੇ ਪਾਰਟੀ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਗਰੂਰ ਦੇ, ਪਿੰਡ ਲੱਡਾ, ਕਾਂਝਲਾ, ਮੂਲੋਵਾਲ, ਧੂਰੀ ਆਦਿ ਥਾਵਾਂ ’ਤੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਇਕੱਠੇ ਹੋਏ ਸਨ। ਇਸ ਦੌਰਾਨ ਭਗਵੰਤ ਮਾਨ ਨੇ ਇਤਿਹਾਸਕ ਰਣੀਕੇਸ਼ਵਰ ਮੰਦਰ ਰਣੀਕੇ ਵਿੱਚ ਮੱਥਾ ਵੀ ਟੇਕਿਆ। ਹਾਲਾਂਕਿ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਐਤਵਾਰ ਨੂੰ ਪਹਿਲੀ ਵਾਰ ਸੰਗਰੂਰ ਅਤੇ ਧੂਰੀ ਆਏ ਸਨ। ਉਨ੍ਹਾਂ ਦਾ ਕੇਵਲ ਰਣੀਕੇ ‘ਚ ਮੱਥਾ ਟੇਕਣ ਦਾ ਪ੍ਰੋਗਰਾਮ ਸੀ ਅਤੇ ਇਸ ਤੋਂ ਇਲਾਵਾ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ ਸੀ ਪਰ ਵਰਕਰਾਂ ਨੂੰ ਉਨ੍ਹਾਂ ਦੇ ਆਉਣ ਦਾ ਪਤਾ ਲੱਗ ਗਿਆ ਅਤੇ ਉਹ ਉਨ੍ਹਾਂ ਦੇ ਸਵਾਗਤ ਲਈ ਥਾਂ-ਥਾਂ ‘ਤੇ ਇਕੱਠੇ ਹੋ ਗਏ। ਲੋਕਪ੍ਰਿਅਤਾ ਕਾਰਨ ਗੱਡੀਆਂ ਭਗਵੰਤ ਮਾਨ ਦੇ ਮਗਰ ਲੱਗੀਆਂ ਰਹੀਆਂ। ਇਹ ਕੋਈ ਪਹਿਲਾ ਤੋਂ ਰੱਖਿਆ ਪ੍ਰੋਗਰਾਮ ਨਹੀਂ ਸੀ।