ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਇਸ ਤੋਂ ਇਲਾਵਾ ਈਡੀ ਨੇ ਫਾਈਨਾਂਸਰ ਹੇਮੰਤ ਸੂਦ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਈਡੀ ਦੀਆਂ ਟੀਮਾਂ ਨੇ ਸਵੇਰੇ ਉਨ੍ਹਾਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੇ ਕੁਝ ਕਰੀਬੀ ਕਾਰੋਬਾਰੀ ਭਾਈਵਾਲਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਹੈ। ਹੇਮੰਤ ਸੂਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਹਨ। ਅਨਾਜ ਦੀ ਢੋਆ-ਢੁਆਈ ਮਾਮਲੇ ਵਿੱਚ ਆਸ਼ੂ ਦਾ ਨਾਂ ਆਉਣ ਤੋਂ ਬਾਅਦ ਹੋਈ ਜਾਂਚ ਤੋਂ ਬਾਅਦ ਹੁਣ ਹੇਮੰਤ ਸੂਦ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ‘ਚ ਵਿਦੇਸ਼ੀ ਲੈਣ-ਦੇਣ ਵੀ ਸਾਹਮਣੇ ਆਇਆ ਹੈ।
ED ਦੇ ਛਾਪੇ ‘ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਟਵਿੱਟਰ ‘ਤੇ ਲਿਖਿਆ- ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ=ਮੈਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਅੱਜ ਸਵੇਰ ਤੋਂ ਹੀ ਈਡੀ ਦੇ ਲੋਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਛਾਪਾ ਮਾਰਿਆ, ਮੇਰੇ ਘਰ ਛਾਪਾ ਮਾਰਿਆ, ਸੰਜੇ ਸਿੰਘ ਦੇ ਘਰ ਛਾਪਾ ਮਾਰਿਆ, ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ… ਕਿਤੇ ਵੀ ਕੁਝ ਨਹੀਂ ਮਿਲਿਆ। ਪਰ ਮੋਦੀ ਜੀ ਦੀਆਂ ਏਜੰਸੀਆਂ ਇੱਕ ਤੋਂ ਬਾਅਦ ਇੱਕ ਫਰਜ਼ੀ ਕੇਸ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਇਹ ਲੋਕ ਆਮ ਆਦਮੀ ਪਾਰਟੀ ਨੂੰ ਤੋੜਨ ਲਈ ਕਿਸੇ ਵੀ ਹੱਦ ਤੱਕ ਜਾਣਗੇ। ਪਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰਨ, ਆਮ ਆਦਮੀ ਪਾਰਟੀ ਦੇ ਲੋਕ ਨਾ ਤਾਂ ਰੁਕਣਗੇ, ਨਾ ਵਿਕਣਗੇ ਅਤੇ ਨਾ ਹੀ ਡਰਨਗੇ।