ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 40.92 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਕੰਪਨੀ ਦੀ 35.10 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਗੱਜਣਮਾਜਰਾ ਕੰਪਨੀ ਦੇ ਡਾਇਰੈਕਟਰ ਹਨ। ਈਡੀ ਨੇ ਬਿਆਨ ਵਿੱਚ ਕਿਹਾ ਕਿ ਮਲੇਰਕੋਟਲਾ ਵਿੱਚ ਸਥਿਤ ਜਾਇਦਾਦ ਤਾਰਾ ਕਾਰਪੋਰੇਸ਼ਨ ਲਿਮਟਿਡ ਨਾਲ ਜੁੜੀ ਹੋਈ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਅੰਤਿਮ ਹੁਕਮ ਜਾਰੀ ਕਰਕੇ ਜਾਇਦਾਦ ਕੁਰਕ ਕੀਤੀ ਗਈ ਹੈ। ਈਡੀ ਨੇ ਕਿਹਾ ਕਿ ਲੋਨ ਦੀ ਰਕਮ ਤਾਰਾ ਕਾਰਪੋਰੇਸ਼ਨ ਲਿਮਟਿਡ ਤੋਂ ਵੱਖ-ਵੱਖ ਸ਼ੈੱਲ ਕੰਪਨੀਆਂ ਨੂੰ ਟਰਾਂਸਫਰ ਕੀਤੀ ਗਈ ਸੀ ਅਤੇ ਫਿਰ ਤਾਰਾ ਹੈਲਥ ਫੂਡ ਲਿਮਟਿਡ ਅਤੇ ਇੱਕ ਹੋਰ ਸਹਾਇਕ ਕੰਪਨੀ – ਤਾਰਾ ਸੇਲਜ਼ ਲਿਮਟਿਡ ਵਿੱਚ ਭੇਜੀ ਗਈ ਸੀ। ਏਜੰਸੀ ਨੇ ਕਿਹਾ ਕਿ ਮਾਜਰਾ ਦੇ ਨਿੱਜੀ ਖਾਤਿਆਂ ਵਿੱਚ 3.12 ਕਰੋੜ ਰੁਪਏ ਡਾਇਵਰਟ ਕੀਤੇ ਗਏ ਸਨ, ਇਸ ਤੋਂ ਇਲਾਵਾ 33.99 ਕਰੋੜ ਰੁਪਏ ਮੈਸਰਜ਼ ਟੀਐਚਐਫਐਲ ਨੂੰ ਦਿੱਤੇ ਗਏ ਸਨ।
ਪੰਜਾਬ ਦੇ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਾਜਰਾ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਈਡੀ ਨੇ ਨਵੰਬਰ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮਨੀ ਲਾਂਡਰਿੰਗ ਦਾ ਮਾਮਲਾ 40.92 ਕਰੋੜ ਰੁਪਏ ਦੀ ਕਥਿਤ ਬੈਂਕ ਲੋਨ ਧੋਖਾਧੜੀ ਨਾਲ ਸਬੰਧਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਫਆਈਆਰ ਨਾਲ ਜੁੜਿਆ ਹੋਇਆ ਹੈ।