Stats NZ ਦੇ ਅਨੁਸਾਰ, ਮਾਰਚ ਤਿਮਾਹੀ ਵਿੱਚ ਨਿਊਜ਼ੀਲੈਂਡ ਦੀ ਜੀਡੀਪੀ ਵਿੱਚ 0.2% ਦੀ ਗਿਰਾਵਟ ਆਈ ਹੈ। ਨਵੇਂ ਜੀਡੀਪੀ ਅੰਕੜੇ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਸਨ, ਖਾਸ ਗੱਲ ਇਹ ਹੈ ਕਿ ਦਸੰਬਰ ਤਿਮਾਹੀ ਵਿੱਚ ਇੰਨ੍ਹਾਂ ਅੰਕੜਿਆਂ ‘ਚ 3% ਦਾ ਵਾਧਾ ਦਰਜ ਕੀਤਾ ਗਿਆ ਸੀ। Stats NZ ਨੈਸ਼ਨਲ ਅਕਾਊਂਟਸ ਇੰਡਸਟਰੀ ਅਤੇ ਪ੍ਰੋਡਕਸ਼ਨ ਦੀ ਸੀਨੀਅਰ ਮੈਨੇਜਰ ਰੁਵਾਨੀ ਰਤਨਾਇਕ ਨੇ ਕਿਹਾ ਕਿ ਪ੍ਰਾਇਮਰੀ ਉਦਯੋਗਾਂ ਅਤੇ ਮਾਲ-ਉਤਪਾਦਕ ਉਦਯੋਗਾਂ ਵਿੱਚ ਆਈ ਮੰਦੀ ਹੀ ਇਸ ਦਾ ਵੱਡਾ ਕਾਰਨ ਹੈ। ਉਨ੍ਹਾਂ ਅੱਗੇ ਕਿਹਾ ਕਿ, “ਅਸੀਂ ਭੋਜਨ, ਪੀਣ ਵਾਲੇ ਪਦਾਰਥ ਅਤੇ ਤੰਬਾਕੂ ਨਿਰਮਾਣ ਉਪ-ਉਦਯੋਗ, ਖੇਤੀਬਾੜੀ, ਜੰਗਲਾਤ ਅਤੇ ਮੱਛੀ ਫੜਨ ਦੇ ਉਦਯੋਗ ਵਿੱਚ ਘੱਟ ਉਤਪਾਦਨ ਦੇਖਿਆ ਹੈ।
“ਇਹ ਗਿਰਾਵਟ ਡੇਅਰੀ ਉਤਪਾਦਾਂ ਸਮੇਤ ਸਬੰਧਤ ਨਿਰਯਾਤ ਸ਼੍ਰੇਣੀਆਂ ਵਿੱਚ ਗਿਰਾਵਟ ਨਾਲ ਮੇਲ ਖਾਂਦੀ ਹੈ। ਤਿਮਾਹੀ ਵਿੱਚ ਪ੍ਰਾਇਮਰੀ ਉਦਯੋਗਾਂ ਵਿੱਚ 1.2% ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਮਾਲ ਉਤਪਾਦਕ ਉਦਯੋਗਾਂ ਵਿੱਚ ਵੀ 0.1% ਦੀ ਮਾਮੂਲੀ ਗਿਰਾਵਟ ਦਾ ਅਨੁਭਵ ਕੀਤਾ ਗਿਆ ਸੀ। ਰਤਨਾਇਕ ਨੇ ਕਿਹਾ ਕਿ ਕੋਵਿਡ -19 ਪਾਬੰਦੀਆਂ ਨੂੰ ਸੌਖਾ ਕਰਨ ਨਾਲ ਕੁੱਝ ਸੇਵਾ ਉਦਯੋਗਾਂ ਨੂੰ ਵੱਧਣ ਵਿੱਚ ਮਦਦ ਮਿਲੀ ਹੈ। ਮਾਰਚ ਤਿਮਾਹੀ ਵਿੱਚ ਜੀਡੀਪੀ ਦਾ ਖਰਚ ਮਾਪ ਵੀ 0.1% ਹੇਠਾਂ ਸੀ।