ਇਸ ਸਮੇ ਇੱਕ ਵੱਡੀ ਖਬਰ ਆਸਟ੍ਰੇਲੀਆ ਤੋਂ ਆਈ ਹੈ, ਜਿੱਥੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਬੁੱਧਵਾਰ ਨੂੰ ਸਵੇਰੇ 9 ਵਜੇ (11.am NZT) ਦੇ ਠੀਕ ਬਾਅਦ ਵਿਕਟੋਰੀਆ ਵਿੱਚ 6.0 ਦੀ ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਕਾਰਨ ਕਥਿਤ ਤੌਰ ‘ਤੇ ਮੈਲਬੌਰਨ ਦੀਆਂ ਕੁੱਝ ਇਮਾਰਤਾਂ ਤੋਂ ਇੱਟਾਂ ਅਤੇ ਪਲਾਸਟਰ ਡਿੱਗ ਗਿਆ। ਕੈਨਬਰਾ ਅਤੇ ਨਿਊ ਸਾਊਥ ਵੇਲਜ਼ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਜੀਓਸਾਇੰਸ ਆਸਟ੍ਰੇਲੀਆ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਮਾਨਸਫੀਲਡ ਵਿੱਚ ਸੀ, ਜੋ ਸੜਕ ਰਾਹੀਂ ਮੈਲਬੌਰਨ ਤੋਂ ਲੱਗਭਗ 180 ਕਿਲੋਮੀਟਰ ਉੱਤਰ-ਪੂਰਬ ਵੱਲ ਹੈ। ਕਥਿਤ ਤੌਰ ‘ਤੇ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਭੂਚਾਲ ਲੱਗਭਗ 10 ਕਿਲੋਮੀਟਰ ਡੂੰਘਾ ਸੀ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਵੀ ਇਸ ਭੂਚਾਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਭੂਚਾਲ 20 ਤੋਂ 30 ਸੈਕਿੰਡ ਤੱਕ ਬਰਕਰਾਰ ਰਿਹਾ ਸੀ।