ਅਫਗਾਨਿਸਤਾਨ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬੁੱਧਵਾਰ ਤੜਕੇ ਆਏ ਭੂਚਾਲ ‘ਚ 255 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਭੂਚਾਲ ਦੇ ਇਹ ਝਟਕੇ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਦੱਖਣ-ਪੂਰਬ ‘ਚ ਸੀ।
ਸਥਾਨਕ ਨਿਊਜ਼ ਏਜੰਸੀਆਂ ਮੁਤਾਬਿਕ ਭੂਚਾਲ ਕਾਰਨ ਅਫਗਾਨਿਸਤਾਨ ‘ਚ ਹੁਣ ਤੱਕ 255 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 500 ਲੋਕ ਜ਼ਖਮੀ ਹੋਏ ਹਨ। ਇਹ ਭੂਚਾਲ ਪਕਤਿਕਾ ਅਤੇ ਖੋਸਤ ਸੂਬਿਆਂ ‘ਚ ਆਇਆ ਸੀ। ਭੂਚਾਲ ਦੀ ਵੱਧ ਤੋਂ ਵੱਧ ਤੀਬਰਤਾ ਅਜੇ ਤੱਕ ਨਿਰਧਾਰਤ ਨਹੀਂ ਕੀਤੀ ਗਈ ਹੈ। ਹਾਲਾਂਕਿ, ਰਿਕਟਰ ਪੈਮਾਨੇ ‘ਤੇ 7.0 ਜਾਂ ਇਸ ਤੋਂ ਵੱਧ ਦੀ ਤੀਬਰਤਾ ਵਾਲੇ ਭੂਚਾਲ ਨੂੰ ਦਰਮਿਆਨਾ ਖਤਰਨਾਕ ਮੰਨਿਆ ਜਾਂਦਾ ਹੈ। ਅਫਗਾਨਿਸਤਾਨ ਵਿਚ ਆਏ ਭੂਚਾਲ ਦੀ ਤੀਬਰਤਾ ਇਸ ਤੋਂ ਘੱਟ ਸੀ। ਸਥਾਨਕ ਅਧਿਕਾਰੀਆਂ ਨੇ ਕੁੱਝ ਬਿਆਨਾਂ ‘ਚ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੀ ਵੱਧ ਸਕਦੀ ਹੈ। ਭੂਚਾਲ ਦੱਖਣ-ਪੂਰਬੀ ਸ਼ਹਿਰ ਖੋਸਤ ਤੋਂ ਲਗਭਗ 44 ਕਿਲੋਮੀਟਰ (27 ਮੀਲ) ਦੂਰ ਆਇਆ ਸੀ।