ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਲਗਭਗ ਸਾਰੀਆਂ ਪ੍ਰਵਾਸੀ ਸ਼੍ਰੇਣੀਆਂ ਲਈ ਵੀਜ਼ਾ ਫੀਸਾਂ ‘ਚ 1 ਅਕਤੂਬਰ ਤੋਂ ਵਾਧਾ ਕਰ ਦਿੱਤਾ ਹੈ, ਹਾਲਾਂਕਿ ਪ੍ਰਸ਼ਾਂਤ ਦੇਸ਼ਾਂ ਦੇ ਬਿਨੈਕਾਰ ਵੱਡੇ ਪੱਧਰ ‘ਤੇ ਭਾਰੀ ਵਾਧੇ ਤੋਂ ਬਚ ਜਾਣਗੇ। ਨਵੇਂ ਫੈਸਲੇ ਤਹਿਤ ਫਾਈਲਾਂ ਦੀ ਪ੍ਰੋਸੈਸਿੰਗ ਲਈ ਫੀਸਾਂ ਵਿੱਚ ਇਹ ਵਾਧੇ 30 ਫੀਸਦੀ ਤੋਂ 50 ਫੀਸਦੀ ਤੱਕ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਅਰਥਵਿਵਸਥਾ, ਕਰਮਚਾਰੀਆਂ ਅਤੇ ਕਮਿਊਨਿਟੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪਰ ਇੱਥੇ ਉਨ੍ਹਾਂ ਲੋਕਾਂ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਜੋ ਲਗਾਤਾਰ 1 ਅਕਤੂਬਰ ਤੋਂ ਪਹਿਲਾਂ ਫਾਇਲਾਂ ਲਗਾਉਣ ਦੀ ਕੋਸ਼ਿਸ ਕਰ ਰਹੇ ਸੀ ਕਿਉਂਕ ਫੀਸ ਵਾਧੇ ਦੇ ਨਿਰਧਾਰਿਤ ਸਮੇਂ ਤੋਂ ਕੁੱਝ ਦਿਨ ਪਹਿਲਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਆਨਲਾਈਨ ਸਿਸਟਮ ਵਿੱਚ ਦਿੱਕਤ ਆ ਗਈ ਸੀ ਜਿਸ ਕਾਰਨ ਸੈਂਕੜੇ ਲੋਕਾਂ ਨੂੰ ਫਾਇਲਾਂ ਨਹੀਂ ਲੱਗ ਸਕੀਆਂ। ਇਸੇ ਕਾਰਨ ਜੋ ਫਾਇਲ ਪਹਿਲਾਂ $2750 ‘ਚ ਲੱਗਣੀ ਸੀ ਉਸ ਲਈ ਹੁਣ $5360 ਅਦਾ ਕਰਨੇ ਪੈਣੇ ਹਨ। ਕਈ ਦਿਨਾਂ ਤੋਂ ਆਈ ਇਸ ਦਿੱਕਤ ਨੇ ਬਹੁਤਿਆਂ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ।
ਦੱਸ ਦੇਈਏ ਹੁਨਰਮੰਦ ਰਿਹਾਇਸ਼ੀ ਸ਼੍ਰੇਣੀ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਤੋਂ ਹੁਣ $6450 ਵਸੂਲੇ ਜਾਣਗੇ, ਜੋ ਪਹਿਲਾਂ $4290 ਸਨ। ਉੱਥੇ ਹੀ ਰੈਜ਼ੀਡੈਂਸੀ ਲਈ ਅਪਲਾਈ ਕਰਨ ਵਾਲੇ ਪਾਰਟਨਰ ਹੁਣ $2750 ਦੀ ਥਾਂ $5360 ਤੱਕ ਫੀਸ ਅਦਾ ਕਰਨਗੇ। ਵਿਦਿਆਰਥੀ ਵੀਜ਼ਾ $375 ਤੋਂ ਵੱਧ ਕੇ $750 ਤੱਕ ਦੁੱਗਣਾ ਹੋ ਗਿਆ ਹੈ ਜਦਕਿ ਪੋਸਟ-ਸਟੱਡੀ ਵਰਕ ਵੀਜ਼ਾ $700 ਤੋਂ $1670 ਤੱਕ ਵੱਧ ਗਿਆ ਹੈ।
ਜਿਆਦਾ ਜਾਣਕਾਰੀ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ – https://www.immigration.govt.nz/documents/media/immigration-fee-and-levy-table-rates-from-1-october-2024.pdf