ਸੰਯੁਕਤ ਅਰਬ ਅਮੀਰਾਤ ਵਿਸ਼ਵ ਮੰਚ ‘ਤੇ ਦਿਨ-ਬ-ਦਿਨ ਨਵੀਆਂ ਪ੍ਰਾਪਤੀਆਂ ਕਰ ਰਿਹਾ ਹੈ। ਬੰਜਰ ਜ਼ਮੀਨ ‘ਤੇ ਜਿੱਥੇ ਲੋਕਾਂ ਨੂੰ ਕਦੇ ਪਾਣੀ ਦੀ ਲੋੜ ਹੁੰਦੀ ਸੀ। ਮੌਜੂਦਾ ਸਮੇਂ ਵਿਚ ਇਹ ਬੰਜਰ ਜ਼ਮੀਨ ਸੈਰ-ਸਪਾਟੇ ਦਾ ਕੇਂਦਰ ਬਣ ਚੁੱਕੀ ਹੈ। ਵੱਡੀਆਂ ਅਤੇ ਸ਼ਾਨਦਾਰ ਇਮਾਰਤਾਂ ਬਣਾਉਣ ਵਾਲਾ ਯੂਏਈ ਹੁਣ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਾਉਣ ਜਾ ਰਿਹਾ ਹੈ। ਇਸ ਹਵਾਈ ਅੱਡੇ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦੱਸਿਆ ਜਾਂ ਰਿਹਾ ਹੈ। ਇਸਨੂੰ ਦੁਬਈ ਵਰਲਡ ਸੈਂਟਰਲ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਹਵਾਈ ਅੱਡੇ ਨੂੰ ਬਣਾਉਣ ਦਾ ਕੰਮ ਸੰਯੁਕਤ ਅਰਬ ਅਮੀਰਾਤ ਨੇ 2013 ਵਿੱਚ ਸ਼ੁਰੂ ਕੀਤਾ ਸੀ। ਜੇਕਰ ਅਸੀਂ CNN ਦੀ ਰਿਪੋਰਟ ‘ਤੇ ਨਜ਼ਰ ਮਾਰੀਏ ਤਾਂ ਇਸ ਏਅਰਪੋਰਟ ਨੂੰ ਆਪਣੀ ਸਮਰੱਥਾ ਵਧਾਉਣ ਲਈ ਨਵੀਂ ਤਕਨੀਕ ਦੀ ਮਦਦ ਨਾਲ ਡਿਜ਼ਾਇਨ ਕੀਤਾ ਜਾ ਰਿਹਾ ਹੈ। ਪੁਰਾਣੇ ਡਿਜ਼ਾਈਨ ਮੁਤਾਬਿਕ ਇਸ ਹਵਾਈ ਅੱਡੇ ਦੀ ਸਮਰੱਥਾ 10 ਕਰੋੜ ਯਾਤਰੀਆਂ ਦੀ ਦੱਸੀ ਗਈ ਸੀ। ਹਾਲਾਂਕਿ ਸਰਕਾਰ 2 ਕਰੋੜ ਯਾਤਰੀਆਂ ਦੀ ਸਮਰੱਥਾ ਨੂੰ ਹੋਰ ਵਧਾਉਣਾ ਚਾਹੁੰਦੀ ਹੈ।
ਦੁਬਈ ਏਅਰਪੋਰਟ ਦੇ ਸੀਈਓ ਪਾਲ ਗ੍ਰਿਫਿਥਸ ਮੁਤਾਬਿਕ ਉਹ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਏਅਰਪੋਰਟ ਵਿੱਚ ਨਿਵੇਸ਼ ਵਧਾਉਣ ਬਾਰੇ ਸੋਚ ਰਹੇ ਹਨ। ਇੱਕ ਪੂਰਵ ਅਨੁਮਾਨ ਦੇ ਅਨੁਸਾਰ, 2024 ਵਿੱਚ ਇਸ ਹਵਾਈ ਅੱਡੇ ਤੋਂ 8.82 ਕਰੋੜ ਯਾਤਰੀਆਂ ਅਤੇ 2025 ਵਿੱਚ 9.38 ਕਰੋੜ ਯਾਤਰੀਆਂ ਦੇ ਯਾਤਰਾ ਕਰਨ ਦੀ ਉਮੀਦ ਹੈ। ਇਕ ਮੈਗਜ਼ੀਨ ਨਾਲ ਖਾਸ ਗੱਲਬਾਤ ਦੌਰਾਨ ਗ੍ਰਿਫਿਥ ਨੇ ਕਿਹਾ ਸੀ ਕਿ ਅਸੀਂ ਸਿਰਫ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਅੱਡੇ ਦਾ ਨਿਰਮਾਣ ਨਹੀਂ ਕਰ ਰਹੇ, ਸਗੋਂ ਅਸੀਂ ਹਵਾਈ ਅੱਡੇ ਦੇ ਕਾਰੋਬਾਰ ਵਿਚ ਕ੍ਰਾਂਤੀ ਲਿਆਉਣਾ ਚਾਹੁੰਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੇ ਹਾਂ ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ। ਇਹ ਸਾਡੀ ਸਭ ਤੋਂ ਵੱਡੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਦੱਖਣੀ ਦੁਬਈ ‘ਚ ਕਰੀਬ 145 ਵਰਗ ਕਿਲੋਮੀਟਰ ਜਗ੍ਹਾ ਲਈ ਜਾ ਰਹੀ ਹੈ। ਅਸੀਂ ਇੱਥੇ ਇੱਕ ਨਵੇਂ ਸ਼ਹਿਰ ਦੇ ਨਿਰਮਾਣ ਦੀ ਕਲਪਨਾ ਵੀ ਕੀਤੀ ਹੈ।