ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਪੰਜ ਸਿੰਘ ਸਾਹਿਬਾਨ ਨੇ ਆਨੰਦ ਕਾਰਜ ਸਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ ਹੈ। ਇਸ ਦੌਰਾਨ ਸਿੱਖ ਲਾੜਿਆਂ ਲਈ ਨਵਾਂ ਡਰੈੱਸ ਕੋਡ ਤੈਅ ਕੀਤਾ ਗਿਆ ਹੈ। ਇਸ ਸਬੰਧੀ ਤਖ਼ਤ ਸ੍ਰੀ ਨਾਂਦੇੜ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ ਮਤਾ ਪਾਸ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਿਹਾ ਗਿਆ ਹੈ ਕਿ ਲਾਵਾਂ ਦੌਰਾਨ ਸਿੱਖ ਲਾੜੀ ਨੂੰ ਸੂਟ (ਕਮੀਜ਼-ਸਲਵਾਰ) ਪਾਉਣਾ ਚਾਹੀਦਾ ਹੈ ਨਾ ਕਿ ਲਹਿੰਗਾ। ਸਿਰ ‘ਤੇ ਸਕਾਰਫ਼ ਹੋਣਾ ਚਾਹੀਦਾ ਹੈ। ਜਥੇਦਾਰਾਂ ਨੇ ਕਿਹਾ ਕਿ ਭਾਰੀ ਲਹਿੰਗਾ ਪਾਉਣ ਨਾਲ ਲਾੜੀ ਨੂੰ ਗੁਰੂ ਸਾਹਿਬ ਅੱਗੇ ਮੱਥਾ ਟੇਕਣਾ ਮੁਸ਼ਕਿਲ ਹੋ ਜਾਂਦਾ ਹੈ।
ਫੁੱਲਾਂ ਦੀ ਵਰਖਾ ਨਾ ਕਰੋ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਜਦੋਂ ਲੜਕੀ ਨੂੰ ਲਾਵਾਂ ਲਈ ਲਿਆਂਦਾ ਜਾਂਦਾ ਹੈ ਤਾਂ ਪਰਿਵਾਰਕ ਮੈਂਬਰ ਲੜਕੀ ਦੇ ਸਿਰ ‘ਤੇ ਫੁੱਲਾਂ ਦਾ ਛਤਰ ਲੈ ਕੇ ਆਉਂਦੇ ਹਨ। ਇਹ ਸਹੀ ਨਹੀਂ ਹੈ। ਵਹੁਟੀ ‘ਤੇ ਫੁੱਲਾਂ ਦੀ ਵਰਖਾ ਨਹੀਂ ਕਰਨੀ ਚਾਹੀਦੀ। ਉੱਥੇ ਹੀ ਵਿਆਹ ਦੇ ਕਾਰਡ ‘ਤੇ ਲਾੜਾ-ਲਾੜੀ ਦਾ ਪੂਰਾ ਨਾਂ ਸਿੰਘ ਅਤੇ ਕੌਰ ਨਾਲ ਛਾਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਕੱਲ੍ਹ ਵੇਖਣ ‘ਚ ਆਇਆ ਕਿ ਵਿਆਹ ਦੇ ਕਾਰਡ ‘ਤੇ ਬੱਚਿਆਂ ਦੇ ਸਿੱਧੇ ਨਾਮ ਹੀ ਲਿੱਖ ਕੇ ਵੰਡ ਦਿੱਤੇ ਜਾਂਦੇ ਹਨ, ਜੋ ਗੁਰਮਤਿ ਤੋਂ ਉਲਟ ਹੈ। ਇਸ ਲਈ ਵਿਆਹ ਦੇ ਕਾਰਡ ‘ਤੇ ਬੱਚਿਆਂ ਦੇ ਨਾਮ ਨਾਲ ‘ਸਿੰਘ’ ਅਤੇ ‘ਕੌਰ’ ਸ਼ਬਦਾਂ ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ।
ਸਿੰਘ ਸਾਹਿਬਾਨ ਨੇ ਸਿੱਖ ਕੌਮ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਨਿਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਖ਼ਤ ਹਜ਼ੂਰ ਸਾਹਿਬ ਵਿਖੇ ਸਿੱਖ ਭਾਈਚਾਰੇ ਦੇ ਵਿਆਹਾਂ ਸਬੰਧੀ ਲਏ ਗਏ ਫੈਸਲਿਆਂ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡੇਸਟੀਨੇਸ਼ਨ ਵੈਡਿੰਗ ਮੌਕੇ ਆਨੰਦ ਕਾਰਜ ਕਰਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ। ਇਸ ਨੂੰ ਸਿੱਖ ਮਰਿਆਦਾ ਦੇ ਖਿਲਾਫ ਦੱਸਿਆ ਗਿਆ ਹੈ।