ਸਾਊਦੀ ਅਰਬ ‘ਚ ਮੌਤ ਦੀ ਸਜ਼ਾ ਭੁਗਤ ਰਹੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਬਲਵਿੰਦਰ ਸਿੰਘ ਦੀ ਜਾਨ ਬਚਣ ਦੀ ਆਸ ਬੱਝ ਗਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਉਸ ਦੀ ਬਲੱਡ ਮਨੀ ‘ਚੋਂ ਘਟਦੇ 15 ਲੱਖ ਰੁਪਏ ਦੇਣ ਲਈ ਹਾਮੀ ਭਰ ਦਿੱਤੀ ਹੈ। ਡਾ.ਐੱਸ.ਪੀ. ਸਿੰਘ ਓਬਰਾਏ ਨੇ ਬਲਵਿੰਦਰ ਸਿੰਘ ਲਈ 15 ਦੀ ਬਜਾਏ 20 ਲੱਖ ਦੇਣ ਦਾ ਐਲਾਨ ਕੀਤਾ ਹੈ। ਡਾ. ਓਬਰਾਏ ਨੇ ਦੱਸਿਆ ਹੈ ਕਿ ਬਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਉਨ੍ਹਾਂ ਨਾਲ ਫੋਨ ‘ਤੇ ਸੰਪਰਕ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਭਾਰਤ ਅੰਦਰ ਵੱਖ-ਵੱਖ ਥਾਵਾਂ ਤੋਂ ਲੋਕਾਂ ਵਲੋਂ ਭੇਜੇ ਗਏ ਪੈਸੇ ਨਾਲ ਕਰੀਬ ਡੇਢ ਕਰੋੜ ਰੁਪਿਆ ਇਕੱਠਾ ਹੋ ਗਿਆ ਹੈ।
ਪਰਿਵਾਰ ਅਨੁਸਾਰ ਬਲਵਿੰਦਰ ਦੀ ਕੰਮ ਕਰਨ ਵਾਲੀ ਕੰਪਨੀ ਨੇ ਵੀ ਕੁੱਝ ਆਪਣਾ ਹਿੱਸਾ ਪਾਉਣ ਦਾ ਵਾਅਦਾ ਕੀਤਾ ਹੈ,ਜਿਸ ਤੋਂ ਬਾਅਦ ਕਰੀਬ 15 ਲੱਖ ਰੁਪਏ ਹੋਰ ਲੋੜੀਂਦੇ ਹਨ। ਡਾ. ਓਬਰਾਏ ਨੇ ਕਿਹਾ ਕਿ ਘਟਦੇ 20 ਲੱਖ ਰੁਪਏ ਉਹ ਆਪਣੇ ਵੱਲੋਂ ਸਬੰਧਤ ਜਮ੍ਹਾ ਕਰਵਾ ਦੇਣਗੇ। ਦੱਸ ਦੇਈਏ ਕਿ ਪੰਜਾਬ ਦੇ ਮੁਕਤਸਰ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਹੈ। ਉਸ ‘ਤੇ ਕਤਲ ਦਾ ਦੋਸ਼ ਹੈ। ਉਸ ਕੋਲ ਬਚਣ ਦੇ ਸਿਰਫ ਦੋ ਹੀ ਰਸਤੇ ਹਨ। ਪਹਿਲਾ ਉਹ ਦੋ ਕਰੋੜ ਭਾਰਤੀ ਰੁਪਏ ਬਲੱਡ ਮਨੀ ਵਜੋਂ ਜਮ੍ਹਾ ਕਰਵਾਏ ਜਾਂ ਇਸਲਾਮ ਧਰਮ ਕਬੂਲ ਕਰੇ। ਇਨ੍ਹਾਂ ਦੋਵਾਂ ਵਿਚੋਂ ਕੁੱਝ ਨਹੀਂ ਕੀਤਾ ਤਾਂ 4 ਦਿਨ ਬਾਅਦ ਪੰਜਾਬੀ ਨੌਜਵਾਨ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਉਸ ਨੂੰ ਬਚਾਉਣ ਲਈ ਪਰਿਵਾਰਕ ਨੇ ਮੁੱਖ ਮੰਤਰੀ ਮਾਨ ਤੋੰ ਵੀ ਮਦਦ ਮੰਗੀ ਹੈ।