ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦਫ਼ਤਰ ਤੋਂ ਨਿਗਮ ਬੋਧ ਘਾਟ ਤੱਕ ਅੰਤਿਮ ਯਾਤਰਾ ਕੱਢੀ ਗਈ। ਇਸ ਦੌਰਾਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਿਲ ਸਨ। ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਕਰੀਬ ਇੱਕ ਘੰਟਾ ਕਾਂਗਰਸ ਹੈੱਡਕੁਆਰਟਰ ਵਿੱਚ ਰੱਖਿਆ ਗਿਆ ਸੀ। ਇੱਥੇ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਤੁਹਾਨੂੰ ਦੱਸ ਦੇਈਏ ਕਿ ਮਨਮੋਹਨ ਸਿੰਘ ਦਾ ਵੀਰਵਾਰ (26 ਦਸੰਬਰ) ਰਾਤ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ।