ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਸੋਮਵਾਰ ਨੂੰ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਡਾ: ਗਾਂਧੀ ਨੇ ਆਪਣੀ ਨਵਾਂ ਪੰਜਾਬ ਪਾਰਟੀ ਨੂੰ ਵੀ ਕਾਂਗਰਸ ਵਿੱਚ ਮਿਲਾ ਦਿੱਤਾ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਾਂਗਰਸ ਆਗਾਮੀ ਲੋਕ ਸਭਾ ਚੋਣਾਂ ਵਿੱਚ ਡਾ: ਗਾਂਧੀ ਨੂੰ ਪਟਿਆਲਾ ਸੀਟ ਤੋਂ ਮੈਦਾਨ ਵਿੱਚ ਉਤਾਰ ਸਕਦੀ ਹੈ। ਨਵੀਂ ਦਿੱਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਏ.ਆਈ.ਸੀ.ਸੀ ਦੇ ਇੰਚਾਰਜ ਦੇਵੇਂਦਰ ਯਾਦਵ, ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਕੇਂਦਰੀ ਆਗੂ ਪਵਨ ਖੇੜਾ ਨੇ ਡਾ: ਗਾਂਧੀ ਦਾ ਸਵਾਗਤ ਕੀਤਾ। ਡਾ: ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ਲੋਕ ਸਭਾ ਚੋਣਾਂ ਲੜਨ ਬਾਰੇ ਪੁੱਛਿਆ ਜਾਂਦਾ ਹੈ ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਟਿਕਟ ਲਈ ਕਾਂਗਰਸ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਨ। ਪਰ ਜੇਕਰ ਪਾਰਟੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਯੋਗ ਉਮੀਦਵਾਰ ਮੰਨਦੀ ਹੈ ਅਤੇ ਟਿਕਟ ਦਿੰਦੀ ਹੈ ਤਾਂ ਉਹ ਚੋਣ ਲੜਨ ਲਈ ਤਿਆਰ ਹਨ।
