ਡੋਮਿਨਿਕਨ ਰੀਪਬਲਿਕ ਵਿੱਚ ਮੰਗਲਵਾਰ (8 ਅਪ੍ਰੈਲ) ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਰਾਜਧਾਨੀ ਸਾਂਟੋ ਡੋਮਿੰਗੋ ‘ਚ ਇੱਕ ਨਾਈਟ ਕਲੱਬ ਦੀ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਲਗਭਗ 79 ਲੋਕਾਂ ਦੀ ਮੌਤ ਹੋ ਗਈ ਅਤੇ 160 ਤੋਂ ਵੱਧ ਜ਼ਖਮੀ ਹੋ ਗਏ। ਹਾਦਸੇ ਦੇ ਸਮੇਂ ਕਲੱਬ ਵਿੱਚ 500 ਤੋਂ 1000 ਲੋਕ ਮੌਜੂਦ ਸਨ। ਛੱਤ ਡਿੱਗਦੇ ਹੀ ਹਫੜਾ-ਦਫੜੀ ਮਚ ਗਈ। ਮਲਬੇ ਹੇਠ ਕਈ ਲੋਕ ਦੱਬ ਗਏ, ਜਿਨ੍ਹਾਂ ਦੀ ਭਾਲ ਜਾਰੀ ਹੈ। ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਰਾਹਤ ਟੀਮਾਂ ਮਲਬਾ ਹਟਾਉਣ ਅਤੇ ਫਸੇ ਲੋਕਾਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ।
ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਮੁਖੀ ਜੁਆਨ ਮੈਨੁਅਲ ਮੇਂਡੇਜ਼ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਲਬੇ ਹੇਠ ਅਜੇ ਵੀ ਬਹੁਤ ਸਾਰੇ ਲੋਕ ਜ਼ਿੰਦਾ ਹੋ ਸਕਦੇ ਹਨ। ਉਨ੍ਹਾਂ ਕਿਹਾ, “ਅਸੀਂ ਉਦੋਂ ਤੱਕ ਕੋਸ਼ਿਸ਼ ਕਰਦੇ ਰਹਾਂਗੇ ਜਦੋਂ ਤੱਕ ਹਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਲਿਆ ਜਾਂਦਾ।” ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮਰਨ ਵਾਲਿਆਂ ਵਿੱਚ ਮੋਂਟੇਕਰਿਸਟੀ ਦੀ ਗਵਰਨਰ ਨੇਲਸੀ ਕਰੂਜ਼ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸਾਬਕਾ ਮੇਜਰ ਲੀਗ ਬੇਸਬਾਲ ਖਿਡਾਰੀ ਓਕਟਾਵੀਓ ਡੋਟੇਲ ਦੀ ਹਾਦਸੇ ‘ਚ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਸ਼ਹੂਰ ਗਾਇਕਾ ਰੂਬੀ ਪੇਰੇਜ਼ ਨਾਈਟ ਕਲੱਬ ‘ਚ ਪਰਫਾਰਮ ਕਰ ਰਹੀ ਸੀ। ਉਸ ਦੇ ਮੈਨੇਜਰ, ਐਨਰਿਕ ਪੌਲੀਨੋ ਨੇ ਕਿਹਾ ਕਿ ਸੰਗੀਤ ਸਮਾਰੋਹ ਮੰਗਲਵਾਰ ਦੀ ਰਾਤ ਨੂੰ ਲਗਭਗ 12 ਵਜੇ ਸ਼ੁਰੂ ਹੋਇਆ ਅਤੇ ਲਗਭਗ ਇੱਕ ਘੰਟੇ ਬਾਅਦ ਨਾਈਟ ਕਲੱਬ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਗਾਇਕਾ ਰੂਬੀ ਪੇਰੇਜ਼ ਦੀ ਵੀ ਮੌਤ ਹੋ ਗਈ। ਮੈਨੇਜਰ ਪੌਲੀਨੋ ਨੇ ਕਿਹਾ, “ਇਹ ਸਭ ਅਚਾਨਕ ਹੋਇਆ। ਪਹਿਲਾਂ ਤਾਂ ਮੈਨੂੰ ਲੱਗਾ ਕਿ ਕੋਈ ਭੂਚਾਲ ਆਇਆ ਹੈ। ਮੈਂ ਕਿਸੇ ਤਰ੍ਹਾਂ ਇੱਕ ਕੋਨੇ ਵਿੱਚ ਜਾ ਕੇ ਆਪਣੀ ਜਾਨ ਬਚਾਈ।” ਹਾਦਸੇ ਤੋਂ ਬਾਅਦ ਪੌਲੀਨੋ ਦੀ ਕਮੀਜ਼ ਖੂਨ ਨਾਲ ਰੰਗੀ ਹੋਈ ਸੀ।