ਬੁੱਧਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀਵਾਲੀ ‘ਤੇ ਘਰ ਨਹੀਂ ਜਾਣਗੇ। ਟਿਕੈਤ ਨੇ ਕਿਹਾ ਕਿ ਉਹ ਸਰਹੱਦ ‘ਤੇ ਹੀ ਕਿਸਾਨਾਂ ਵਿਚਕਾਰ ਦੀਵਾਲੀ ਮਨਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਹੱਕ ਲੈਣਗੇ। ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 27 ਨਵੰਬਰ ਤੋਂ ਅੰਦੋਲਨ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਦੀ ਸਰਹੱਦ ‘ਤੇ ਡਟੇ ਹੋਏ ਹਨ। ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 11 ਮਹੀਨਿਆਂ ਤੋਂ ਵੀ ਜਿਆਦਾ ਦਾ ਸਮਾਂ ਬੀਤ ਚੁੱਕਾ ਹੈ।
ਕਿਸਾਨਾਂ ਨੇ ਪਿਛਲੇ 11 ਮਹੀਨਿਆਂ ਦੌਰਾਨ ਹਰ ਤਿਉਹਾਰ ਇੱਥੇ ਹੀ ਮਨਾਇਆ ਹੈ। ਇਸ ਵਾਰ ਕਿਸਾਨਾਂ ਵੱਲੋਂ ਦੀਵਾਲੀ ਵੀ ਦਿੱਲੀ ਦੀ ਸਰਹੱਦ ‘ਤੇ ਮਨਾਈ ਜਾਵੇਗੀ। ਬੀਕੇਯੂ ਦੇ ਬੁਲਾਰੇ ਧਰਮਿੰਦਰ ਮਲਿਕ ਨੇ ਕਿਹਾ ਕਿ ਚੌਧਰੀ ਰਾਕੇਸ਼ ਟਿਕੈਤ ਇਸ ਵਾਰ ਦੀਵਾਲੀ ‘ਤੇ ਪਿੰਡ ਨਹੀਂ ਪਰਤਣਗੇ। ਉਹ ਸਰਹੱਦ ‘ਤੇ ਹੀ ਕਿਸਾਨਾਂ ਵਿਚਕਾਰ ਦੀਵਾਲੀ ਮਨਾਉਣਗੇ। ਕਿਸਾਨਾਂ ਦੇ ਹੱਕਾਂ ਦੀ ਲੜਾਈ ਜਾਰੀ ਰਹੇਗੀ, ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ, ਸਰਕਾਰ ਦੀ ਕੋਈ ਵੀ ਸਾਜ਼ਿਸ਼ ਕਿਸਾਨ ਅੰਦੋਲਨ ਨੂੰ ਅਸਫਲ ਨਹੀਂ ਕਰ ਸਕਦੀ।