ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਿੱਦੜਬਾਹਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋ ਸਕਦੇ ਹਨ। ਡਿੰਪੀ ਢਿੱਲੋਂ 28 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਸਮਰਥਕਾਂ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਉਨ੍ਹਾਂ ਦੀ ਅਕਾਲੀ ਦਲ ਵਿੱਚ ਵਾਪਸੀ ਹੁਣ ਸੰਭਵ ਨਹੀਂ ਹੈ। ਉਨ੍ਹਾਂ ਅਕਾਲੀ ਦਲ ਛੱਡਣ ਲਈ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ।
ਦੂਜੇ ਪਾਸੇ ਗਿੱਦੜਬਾਹਾ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਡਿੰਪੀ ਢਿੱਲੋਂ ਦੇ ‘ਆਪ’ ‘ਚ ਸ਼ਾਮਿਲ ਹੋਣ ਦੇ ਐਲਾਨ ਤੋਂ ਬਾਅਦ ਹਲਕਾ ਗਿੱਦੜਬਾਹਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਪਿੰਡ ਬਾਦਲ ‘ਚ ਉਨ੍ਹਾਂ ਦੇ ਜੱਦੀ ਨਿਵਾਸ ‘ਤੇ ਭੀੜ ਲੱਗ ਗਈ। ਇਸ ਦੌਰਾਨ ਉਨ੍ਹਾਂ ਡਿੰਪੀ ਢਿੱਲੋਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਨਿੱਜੀ ਫਾਇਦੇ ਲਈ ਅਕਾਲੀ ਦਲ ਛੱਡ ਰਹੇ ਹਨ। ਪਰ ਫਿਰ ਵੀ ਉਹ ਉਨ੍ਹਾਂ ਨੂੰ ਦਸ ਦਿਨ ਦਾ ਸਮਾਂ ਦਿੰਦੇ ਹਨ। ਜੇਕਰ ਡਿੰਪੀ ਢਿੱਲੋਂ ਅਕਾਲੀ ਦਲ ਵਿੱਚ ਵਾਪਿਸ ਆਉਂਦੇ ਹਨ ਤਾਂ ਗਿੱਦੜਬਾਹਾ ਤੋਂ ਉਨ੍ਹਾਂ ਦੀ ਟਿਕਟ ਪੱਕੀ ਹੈ।