ਨਵੇਂ ਸਾਲ ਦੀ ਆਮਦ ‘ਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਮਿਊਜ਼ੀਕਲ ਦਿਲ luminati ਟੂਰ-2024 ਦਾ ਪ੍ਰੋਗਰਾਮ ਪੀਏਯੂ, ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ। ਉਨ੍ਹਾਂ ਦੀ ਟੀਮ ਨੇ ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ। 31 ਦਸੰਬਰ ਦੀ ਸ਼ਾਮ ਨੂੰ ਦਿਲਜੀਤ ਦੇ ਲਾਈਵ ਕੰਸਰਟ ਵਿੱਚ ਦੇਸ਼-ਵਿਦੇਸ਼ ਤੋਂ ਲੋਕ ਆਉਣ ਵਾਲੇ ਹਨ ਅਤੇ ਇੱਥੇ 40 ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਹੋਵੇਗੀ। ਇਸ ਦੇ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਮਾਗਮ ਦੀ ਸੁਰੱਖਿਆ ਲਈ ਦੋ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਦਿਲਜੀਤ ਦੀ ਟੀਮ ਨੇ ਸੱਤ ਸੌ ਤੋਂ ਵੱਧ ਸੁਰੱਖਿਆ ਗਾਰਡਾਂ ਨੂੰ ਵੀ ਬੁਲਾਇਆ ਹੈ, ਜੋ ਹਰ ਮੋੜ ‘ਤੇ ਤਾਇਨਾਤ ਰਹਿਣਗੇ। ਦਿਲਜੀਤ 12 ਫੁੱਟ ਉੱਚੀ ਸਟੇਜ ਤੋਂ ਲੋਕਾਂ ਦਾ ਮਨੋਰੰਜਨ ਕਰਨਗੇ।
ਪੁਲਿਸ ਵੱਲੋਂ ਨਾ ਸਿਰਫ਼ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ 15 ਥਾਵਾਂ ’ਤੇ ਪਾਰਕਿੰਗ ਦੀ ਤਿਆਰੀ ਕਰ ਲਈ ਹੈ। ਜਿੱਥੇ 14 ਹਜ਼ਾਰ ਤੋਂ ਵੱਧ ਵਾਹਨ ਪਾਰਕ ਕੀਤੇ ਜਾਣਗੇ। ਪਾਰਕਿੰਗ ਦੀ ਥਾਂ ਅੱਧਾ ਕਿਲੋਮੀਟਰ ਤੋਂ ਵਧਾ ਕੇ ਸਾਢੇ ਤਿੰਨ ਕਿਲੋਮੀਟਰ ਕਰ ਦਿੱਤੀ ਗਈ ਹੈ, ਜਿੱਥੋਂ ਲੋਕਾਂ ਨੂੰ ਪੈਦਲ ਜਾਂ ਈ-ਰਿਕਸ਼ਾ ਰਾਹੀਂ ਸਮਾਗਮ ਵਾਲੀ ਥਾਂ ’ਤੇ ਪਹੁੰਚਣਾ ਪਵੇਗਾ।
ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੂਰੇ ਸ਼ਹਿਰ ਦੀ ਸੁਰੱਖਿਆ ਲਈ 35 ਸੌ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਕਿਸੇ ਨੂੰ ਵੀ ਹੰਗਾਮਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇਗੀ। ਪ੍ਰਸ਼ਾਸਨ ਨੇ ਦਿਲਜੀਤ ਦੀ ਟੀਮ ਨਾਲ ਮੀਟਿੰਗ ਕੀਤੀ ਅਤੇ ਸਾਰੀਆਂ ਤਿਆਰੀਆਂ ਦੀ ਸਥਿਤੀ ਬਾਰੇ ਰਿਪੋਰਟ ਲਈ।